
ਕਿਹਾ- ਸਸਤੀ ਸ਼ਰਾਬ ਪੰਜਾਬ ਵਿਚ ਨਿੱਤ ਦਿਨ ਮੌਤਾਂ ਦਾ ਕਾਰਨ ਬਣੇਗੀ
ਚੰਡੀਗੜ੍ਹ (ਅਮਨਪ੍ਰੀਤ ਕੌਰ): ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀਆਂ ਕੀਮਤਾਂ ਘਟਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਸਸਤੀ ਸ਼ਰਾਬ ਪੰਜਾਬ ਵਿੱਚ ਨਿੱਤ ਦਿਨ ਮੌਤਾਂ ਦਾ ਕਾਰਨ ਬਣੇਗੀ। ਉਹਨਾਂ ਕਿਹਾ ਕਿ ਪੰਜਾਬ 'ਚ ਸ਼ਰਾਬ ਸਸਤੀ ਕਰਨਾ ਗ਼ਲਤ ਹੈ, ਅਜਿਹਾ ਕਰਨ ਨਾਲ 10-12 ਸਾਲ ਦੇ ਬੱਚੇ ਵੀ ਦਾਰੂ ਪੀਣ ਲੱਗ ਜਾਣਗੇ।
ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਜੋਤ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਪਰ ਹੁਣ ਉਹ 9647 ਕਰੋੜ ਰੁਪਏ ਵਸੂਲਣ ਲਈ ਪੰਜਾਬ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਸਤੀ ਸ਼ਰਾਬ ਨਾਲ ਮਾਲੀਆ 'ਚ 40 ਫੀਸਦੀ ਵਾਧਾ ਹੋਵੇਗਾ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ਰਾਬ ਦੀ ਵਿਕਰੀ 'ਚ 2-3 ਗੁਣਾ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕਟਾਂ ਵਿੱਚ ਵੀ ਸ਼ਰਾਬ ਵੇਚਦੀ ਹੈ ਤਾਂ ਵਿਦਿਆਰਥੀ ਵੀ ਇਸ ਦਾ ਸ਼ਿਕਾਰ ਹੋਣਗੇ।
ਪੰਜਾਬ ਸਰਕਾਰ ਸ਼ਰਾਬ ਦੇ ਮਾਰੂ ਰੂਪ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕੁਝ ਅੰਕੜੇ ਪੇਸ਼ ਕਰਦਿਆਂ ਉਹਨਾਂ ਕਿਹਾ ਕਿ 23 ਸਤੰਬਰ 2018 ਦੀ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ 260,000 ਲੋਕ ਸ਼ਰਾਬ ਕਾਰਨ ਮਰਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ 2013 ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਰੋਜ਼ 15 ਲੋਕ ਸ਼ਰਾਬ ਕਾਰਨ ਮਰਦੇ ਹਨ ਅਤੇ ਹਰ 96 ਮਿੰਟਾਂ ਵਿੱਚ ਇੱਕ ਮੌਤ ਸ਼ਰਾਬ ਕਾਰਨ ਹੁੰਦੀ ਹੈ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਵੀ ਠੀਕ ਕਰਨਾ ਚਾਹੀਦਾ ਹੈ। ਅਮਨਜੋਤ ਕੌਰ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸਰਕਾਰ ਨੂੰ ਹਰ ਮੁੱਦੇ 'ਤੇ ਘੇਰਿਆ ਜਾਵੇਗਾ। ਸਾਡੀ ਪਾਰਟੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ।