
ਪਊਏ ਤੋਂ ਅਧੀਏ ਤੇ ਆਉਣ ਦੀ ਬਜਾਏ ਹੁਣ ਘਰ ਫਰੂਟ ਤੇ ਸਬਜ਼ੀਆਂ ਲੈ ਕੇ ਜਾਓ"
ਚੰਡੀਗੜ੍ਹ (ਲੰਕੇਸ਼ ਤ੍ਰਿਖਾ) - 1 ਜੁਲਾਈ ਤੋਂ ਪੂਰੇ ਸੂਬੇ 'ਚ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋ ਜਾਵੇਗੀ। ਨਵੀਂ ਐਕਸਾਈਜ਼ ਪਾਲਿਸੀ ਤਹਿਤ ਪੰਜਾਬ 'ਚ ਸ਼ਰਾਬ ਦੀਆਂ ਕੀਮਤਾਂ 20 ਫ਼ੀਸਦੀ ਤੱਕ ਸਸਤੀਆਂ ਹੋਣ ਜਾ ਰਹੀਆਂ ਹਨ। ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਠੇਕੇ ਤੋਂ ਸ਼ਰਾਬ ਖ਼ਰੀਦ ਰਹੇ ਲੋਕਾਂ ਨੂੰ ਵੇਖ ਗੱਡੀ ਤੋਂ ਥੱਲੇ ਉਤਰ ਕੇ ਠੇਕੇ ਵੱਲ ਤੁਰ ਪਏ। ਸ਼ਰਾਬ ਖਰੀਦ ਰਹੇ ਲੋਕਾਂ ਨੂੰ ਸਲਾਹ ਦਿੰਦਿਆਂ ਸ਼ੇਖੋਂ ਨੇ ਕਿਹਾ ਕਿ 'ਸ਼ਰਾਬ ਸਸਤੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਭ ਪਊਏ ਤੋਂ ਅਧੀਏ ਤੇ ਆ ਜਾਓ, ਉਸ ਦੇ ਨਾਲ ਨਾਲ ਹੁਣ ਅੰਡਾ ਵੀ ਖਾਓ ਤੇ ਨਾਲ ਭੁਰਜੀ ਵੀ ਖਾਓ'
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇੱਕ "ਠੇਕੇ ਤੇ ਭੀੜ ਦੇਖ ਕੇ ਉਹ ਲੋਕਾਂ ਨਾਲ ਗੱਲ ਕਰਨ ਲਈ ਚਲੇ ਗਏ ਅਤੇ ਗੱਲਬਾਤ ਦੌਰਾਨ ਲੋਕਾਂ ਨੂੰ ਸਲਾਹ ਦਿੰਦਿਆਂ ਉਹਨਾਂ ਨੇ ਕਿਹਾ ਕਿ ਪਊਏ ਤੋਂ ਅਧੀਏ ਤੇ ਆਉਣ ਦੀ ਬਜਾਏ ਹੁਣ ਘਰ ਫਰੂਟ ਤੇ ਸਬਜ਼ੀਆਂ ਲੈ ਕੇ ਜਾਓ"। ਗੁਰਦਿੱਤ ਸੇਖੋਂ ਨੇ ਇਹ ਵੀ ਦੱਸਿਆ ਕਿ ਉਹ ਹਲਕੇ ਦੇ ਵਿਚ ਨਸ਼ੇ ਵਿਰੁੱਧ ਲੰਬੇ ਸਮੇਂ ਤੋਂ ਲੜਾਈ ਵੀ ਲੜਦੇ ਆਏ ਹਨ ਅਤੇ ਨੌਜਵਾਨਾਂ ਦੀ ਭਲਾਈ ਲਈ ਉਹਨਾਂ ਨੇ ਚੰਗੇ ਉਪਰਾਲੇ ਵੀ ਕੀਤੇ ਹਨ।