ਪੀੜਤ ਕਿਸਾਨ ਨੇ ਲਗਾਈ ਮਦਦ ਦੀ ਗੁਹਾਰ
ਖੇਮਕਰਨ (ਰਿੰਪਲ ਗੋਲਣ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਪਸ਼ੂਆਂ ਦੇ ਚਾਰੇ ਵਿਚ ਆਈ ਕੋਈ ਜ਼ਹਿਰੀਲੀ ਚੀਜ਼ ਖਾ ਜਾਣ ਕਾਰਨ ਗਰੀਬ ਕਿਸਾਨ ਦੇ 6 ਦੁਧਾਰੂ ਪਸ਼ੂਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਦਿਆਲ ਸਿੰਘ ਨੇ ਦਸਿਆ ਕਿ ਉਸ ਨੇ ਸਵੇਰ ਵੇਲੇ ਅਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਘਰ ਨੂੰ ਚਲਾ ਗਿਆ ਅਤੇ ਜਦ ਉਸ ਨੇ ਆ ਕੇ ਦੇਖਿਆ ਤਾਂ ਉਸ ਦੇ ਦੁਧਾਰੂ ਪਸ਼ੂ ਤੜਫ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ 'ਚ ਲੱਗਣਗੇ ਵਿਰਾਸਤੀ ਮੇਲੇ : ਅਨਮੋਲ ਗਗਨ ਮਾਨ
ਕਿਸਾਨ ਨੇ ਉਸੇ ਵਕਤ ਪ੍ਰਾਈਵੇਟ ਵੈਟਨਰੀ ਡਾਕਟਰ ਨੂੰ ਬੁਲਾਇਆ ਅਤੇ ਉਸ ਨੇ ਇਲਾਜ ਕਰਨਾ ਸ਼ੁਰੂ ਕਰ ਦਿਤਾ ਪਰ ਥੋੜੇ ਚਿਰ ਬਾਅਦ ਉਸ ਡਾਕਟਰ ਨੇ ਵੀ ਜਬਾਬ ਦੇ ਦਿਤਾ ਜਿਸ ਤੋਂ ਬਾਅਦ ਇਕ ਇਕ ਕਰ ਕੇ ਉਸ ਦੇ ਦੁਧਾਰੂ ਪਸ਼ੂ ਤੜਫ-ਤੜਫ ਕੇ ਮਰਨੇ ਸ਼ੁਰੂ ਹੋ ਗਏ। ਪੀੜਤ ਗ਼ਰੀਬ ਕਿਸਾਨ ਨੇ ਦਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਇਨ੍ਹਾਂ ਪਸ਼ੂਆਂ ਤੋਂ ਹੀ ਚਲਦਾ ਸੀ ਕਿਉਂਕਿ ਉਹ ਦੁੱਧ ਵੇਚ ਕੇ ਅਪਣੇ ਘਰ ਦਾ ਗੁਜ਼ਾਰਾ ਕਰ ਲੈਂਦੇ ਸਨ।
ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮੁਆਵਜ਼ਾ ਦਿਤਾ ਜਾਵੇ ਜਿਸ ਨਾਲ ਉਹ ਕਰਜ਼ੇ ਤੋਂ ਬਚ ਸਕੇ। ਉਧਰ ਪੀੜਤ ਕਿਸਾਨ ਗੁਰਦਿਆਲ ਸਿੰਘ ਦੇ ਘਰ ਇਕੱਤਰ ਹੋਏ ਪਿੰਡ ਘਰਿਆਲੇ ਦੇ ਲੋਕਾਂ ਨੇ ਸਮਾਜ ਸੇਵੀ ਅਤੇ ਐਨ.ਆਰ.ਆਈ. ਵੀਰਾਂ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਕਿਸਾਨ ਗੁਰਦਿਆਲ ਸਿੰਘ ਦੀ ਕੋਈ ਨਾ ਕੋਈ ਇਹ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਅਪਣੇ ਘਰ ਦਾ ਗੁਜ਼ਾਰਾ ਕਰ ਸਕੇ। ਉਨ੍ਹਾਂ ਦਸਿਆ ਕਿ ਜੇ ਕੋਈ ਦਾਨੀ ਸੱਜਣ ਇਸ ਪ੍ਰਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਮੋਬਾਈਲ ਨੰਬਰ 9914203290 'ਤੇ ਸੰਪਰਕ ਕਰ ਸਕਦਾ ਹੈ।