
ਬੇਅਦਬੀ ਕਾਂਡ ਦੇ ਮਾਮਲੇ ’ਚ ਐਸਆਈਟੀ ਵਲੋਂ ਕੀਤੀ ਜਾ ਰਹੀ ਨਿਰਪੱਖ ਅਤੇ ਤਸੱਲੀਬਖਸ਼ ਜਾਂਚ ’ਚ ਅੜਿੱਕਾ ਪਾ
ਕੋਟਕਪੂਰਾ, 10 ਜੁਲਾਈ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਮਾਮਲੇ ’ਚ ਐਸਆਈਟੀ ਵਲੋਂ ਕੀਤੀ ਜਾ ਰਹੀ ਨਿਰਪੱਖ ਅਤੇ ਤਸੱਲੀਬਖਸ਼ ਜਾਂਚ ’ਚ ਅੜਿੱਕਾ ਪਾ ਰਹੀ ਏਜੰਸੀ ਸੀਬੀਆਈ ਦੀ ਬੇਲੋੜੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦਿਆਂ ਅਕਾਲੀ ਦਲ ਮਾਨ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਵਿਮਲ ਸੇਤੀਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਸੌਂਪਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਸੀਬੀਆਈ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਬੇਅਦਬੀ ਕਾਂਡ ਦਾ ਮਾਸਟਰ ਮਾਈਂਡ ਸਾਹਮਣੇ ਆਵੇ।
File Photo
ਜਸਕਰਨ ਸਿੰਘ, ਗੁਰਦੀਪ ਸਿੰਘ ਅਤੇ ਸੁਰਜੀਤ ਸਿੰਘ ਨੇ ਦਸਿਆ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪੰਥਦਰਦੀਆਂ ਨੇ ਅਪਣੇ ਪਿੰਡੇ ’ਤੇ ਬੜਾ ਸੰਤਾਪ ਹੰਢਾਇਆ, ਲਗਾਤਾਰ ਛੇ ਮਹੀਨੇ ਤੋਂ ਵੀ ਵੱਧ ਸਮਾਂ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲੱਗਾ, ਪੀੜਤ ਪਰਵਾਰਾਂ ਅਤੇ ਮੌਕੇ ਦੇ ਗਵਾਹਾਂ ਦੇ ਵਾਰ ਵਾਰ ਬਿਆਨ ਨੋਟ ਕੀਤੇ ਗਏ, ਗਵਾਹਾਂ ਨੂੰ ਮੁਕਰਾਉਣ ਦੀਆਂ ਕੋਸ਼ਿਸ਼ਾਂ, ਸਬੂਤ ਮਿਟਾਉਣ ਅਤੇ ਨਵੇਂ ਪੈਦਾ ਕਰਨ ਵਰਗੀਆਂ ਸ਼ਰਮਨਾਕ ਹਰਕਤਾਂ ਐਸਆਈਟੀ ਨੇ ਨੰਗੀਆਂ ਕਰ ਦਿਤੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਐਸਆਈਟੀ ਨੂੰ ਆਜ਼ਾਦਾਨਾ ਤੌਰ ’ਤੇ ਜਾਂਚ ਕਰਨ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਜਾਂਚ ਦੀ ਮੰਗ ਕੀਤੀ ਕਿ ਆਖਰ ਸੀਬੀਆਈ ਵਲੋਂ ਐਸਆਈਟੀ ਦਾ ਵਿਰੋਧ ਕਰਨ ਦਾ ਮਕਸਦ ਕੀ ਹੈ? ਇਸ ਦੇ ਕੀ ਕਾਰਨ ਹਨ, ਇਸ ਪਿੱਛੇ ਕਿਹੜੀ ਸਿੱਖ ਵਿਰੋਧੀ ਤਾਕਤ ਕੰਮ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਸੀਬੀਆਈ ਦੀ ਜਾਂਚ ਨੂੰ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ ਤੇ ਹੁਣ ਸੀਬੀਆਈ ਦੀ ਬੇਲੋੜੀ ਦਖ਼ਲਅੰਦਾਜੀ ਨੂੰ ਵੀ ਪ੍ਰਵਾਨ ਨਹੀਂ ਕਰਨਗੀਆਂ।