
ਡਾ. ਬਿਸਵਰੂਪ ਰਾਏ ਚੌਧਰੀ 'ਡੈਲਟਾ ਟੂ ਦਿ ਪਾਵਰ ਆਫ਼ 72' ਪੁਸਤਕ 'ਚ ਕੋਰੋਨਾ ਨੂੰ ਦਸਿਆ ਸਾਜਸ਼
ਕੇਂਦਰ ਨੂੰ ਸਿੱਧੇ ਤੌਰ 'ਤੇ ਦਿਤੀ ਚੁਣੌਤੀ, ਕਿਹਾ ਮੈਡੀਕਲ ਇੰਡਸਟਰੀ ਦੀ ਹੈ ਸਾਰੀ ਖੇਡ
ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ) : ਐਲਾਇੰਸ ਇੰਟਰਨੈਸ਼ਨਲ ਯੂਨੀਵਰਸਟੀ ਜ਼ਾਂਬੀਆ ਤੋਂ ਡਾਈਬਿਟੀਜ਼ ਵਿਚ ਡਾਕਟਰੇਟ ਕਰ ਚੁੱਕੇ ਡਾ. ਬਿਸਵਰੂਪ ਰਾਏ ਚੌਧਰੀ ਨੇ ਕਿਹਾ ਹੈ ਕਿ ਹਰ ਸਾਲ ਖਾਂਸੀ ਜੁਕਾਮ ਦੀ ਆਉਂਦੀ ਲਹਿਰ ਨੂੰ ਕੋਰੋਨਾ ਦਾ ਨਾਂ ਦਿਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਾਇਰਸ ਸਿਰਫ਼ ਫਲੂ ਦਾ ਕਾਰਨ ਬਣ ਸਕਦਾ ਹੈ ਪਰ ਆਰਥਕ ਲਾਭ ਲਈ ਕੁੱਝ 'ਭਿ੍ਸ਼ਟ ਗਰੁੱਪਾਂ' ਵਲੋਂ ਰਚੀ ਗਈ ਸਾਜ਼ਸ਼ ਦੇ ਸਿਧਾਂਤ ਤਹਿਤ ਇਸ ਵਾਇਰਸ ਨੂੰ ਮਨੁੱਖੀ ਸਿਹਤ ਲਈ ਸੱਭ ਤੋਂ ਵੱਡੇ ਖ਼ਤਰੇ ਦੇ ਰੂਪ ਵਿਚ ਪ੍ਰਚਾਰਤ ਕੀਤਾ ਜਾ ਰਿਹਾ ਹੈ |
ਉਨ੍ਹਾਂ 'ਡੈਲਟਾ ਟੂ ਦਿ ਪਾਵਰ ਆਫ਼ 72' ਨਾਮੀ ਇਕ ਪੁਸਤਕ ਵੀ ਲਿਖੀ ਹੈ ਤੇ ਇਸ ਵਿਚ ਉਨ੍ਹਾਂ ਅਜਿਹੇ ਹੀ ਹੈਰਾਨ ਕਰਨ ਵਾਲੇੇ ਖੁਲਾਸੇ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਵਲੋਂ 700 ਤੋਂ ਵੱਧ ਐਨਆਈਸੀਈ ਮਾਹਰਾਂ ਦੀ ਟੀਮ ਵਲੋਂ ਕੀਤੇ ਗਏ ਕੇਸ ਅਧਿਐਨ ਦਾ ਸੰਗ੍ਰਹਿ ਹੈ | ਇਹ ਪੁਸਤਕ ਆਯੁਰਵੇਦ ਨਾਲ ਜੁੜੇ ਗੁਰੂ ਮਨੀਸ਼ ਵਲੋਂ ਸਥਾਨਕ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤੀ ਗਈ | ਇਸ ਮੌਕੇ ਡਾ. ਚੌਧਰੀ ਨੇ ਕਿਹਾ ਜਿਨ੍ਹਾਂ ਮਾਹਰਾਂ ਵਲੋਂ ਕੋਰੋਨਾ ਕੇਸਾਂ ਦਾ ਅਧਿਐਨ ਕੀਤਾ ਗਿਆ, ਉਨ੍ਹਾਂ ਨੇ ਦੇਸ਼ ਭਰ ਵਿਚ ਚਲਾਏ ਜਾ ਰਹੇ ਕੋਰੋਨਾ ਕੇਂਦਰਾਂ ਵਿਚ 60 ਹਜ਼ਾਰ ਤੋਂ ਵੱਧ ਮਰੀਜ਼ ਬਿਨਾ ਕਿਸੇ ਐਲੋਪੈਥੀ ਦਵਾਈ ਦੇ ਆਯੁਰਵੇਦ ਪ੍ਰਣਾਲੀ ਅਤੇ ਸੰਤੁਲਤ ਖੁਰਾਕ ਨਾਲ ਸਿਹਤਯਾਬ ਕੀਤੇ ਤੇ ਇਨ੍ਹਾਂ ਕੇਂਦਰਾਂ ਵਿਚ ਕਿਸੇ ਨੇ ਮਾਸਕ ਨਹੀਂ ਲਗਾਇਆ ਤੇ ਨਾ ਹੀ ਕੋਈ ਸੋਸ਼ਲ ਡਿਸਟੈਂਸਿੰਗ ਰਖਿਆ |
ਉਨ੍ਹਾਂ ਦਾਅਵਾ ਕੀਤਾ ਕਿ ਜਿਹੜੀਆਂ ਐਲੋਪੈਥੀ ਦਵਾਈਆਂ ਕੋਰੋਨਾ ਦੌਰਾਨ ਦਿਤੀਆਂ ਜਾ ਰਹੀਆਂ ਹਨ, ਵਧੇਰੇ ਕੇਸ ਇਸ ਇਲਾਜ ਨਾਲ ਵਿਗੜੇ ਹਨ | ਐਲੋਪੈਥੀ ਕੇਂਦਰਾਂ ਵਿਚ ਮਰੀਜ਼ ਪੈਦਲ ਆਏ ਤੇ ਵਹੀਲ ਚੇਅਰ 'ਤੇ ਗਏ, ਜਦਕਿ ਆਯੁਰਵੇਦ ਕੇਂਦਰਾਂ ਵਿਚ ਮਰੀਜ਼ ਗੰਭੀਰ ਹਾਲਤ ਵਿਚ ਆਏ ਅਤੇ ਛੇਤੀ ਹੀ ਸਿਹਤਯਾਬ ਹੋ ਕੇ ਘਰ ਗਏ ਤੇ ਇਸ ਦੌਰਾਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ | ਉਨ੍ਹਾਂ ਕਿਹਾ ਕਿ ਕੋਰੋਨਾ ਪਿੱਛੇ ਮੈਡੀਕਲ ਸਾਇੰਸ ਨਹੀਂ, ਸਗੋਂ ਮੈਡੀਕਲ ਇੰਡਸਟ੍ਰੀ ਖੇਡ ਰਚ ਰਹੀ ਹੈ ਤੇ ਹੁਣ ਤੀਜੀ ਲਹਿਰ ਦੇ ਨਾਂ 'ਤੇ ਬੱਚਿਆਂ ਵਿਚ ਕੋਰੋਨਾ ਫੈਲਣ ਦਾ ਖ਼ੌਫ਼ ਪੈਦਾ ਕੀਤਾ ਜਾ ਰਿਹਾ ਹੈ, ਜਦਕਿ ਹਰੇਕ ਸਾਲ ਨਮੂਨੀਏ ਨਾਲ 1 ਲੱਖ 27 ਹਜਾਰ ਬੱਚਿਆਂ ਦੀ ਆਮ ਤੌਰ 'ਤੇ ਮੌਤ ਹੁੰਦੀ ਹੈ ਤੇ ਹੁਣ ਤੀਜੀ ਲਹਿਰ ਦੇ ਨਾਂ 'ਤੇ ਇਸੇ ਡਾਟੇ ਨੂੰ ਕੋਰੋਨਾ ਮਰੀਜ਼ਾਂ ਦੇ ਤੌਰ 'ਤੇ ਵਰਤ ਕੇ ਪੇਸ਼ ਕੀਤੇ ਜਾਣ ਦਾ ਖਦਸਾ ਹੈ |
ਕਮਿਊਨਿਟੀ ਮੈਡੀਸੀਨ ਦੇ ਐਮਡੀ ਰਹੇ ਡਾਕਟਰ ਅਮਰ ਸਿੰਘ ਆਜਾਦ ਨੇ ਤਾਂ ਇਥੋਂ ਤੱਕ ਕਿਹਾ ਕਿ ਕੋਰੋਨਾ ਅਤੇ ਮੈਡੀਕਲ ਇੰਡਸਟ੍ਰੀ ਵਿਚਾਲੇ ਇਹ ਵਿਸ਼ਵ ਪਧਰੀ ਗੰਢ-ਤੁੱਪ ਹੈ | ਡਾ. ਬਿਸ਼ਵਰੂਪ ਰਾਏ ਚੌਧਰੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਮਈ ਮਹੀਨੇ ਵਿਚ ਹੀ ਤੱਤਕਾਲੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ 15 ਮਿੰਟ ਦੀ ਇਕ ਪੇਸ਼ਕਾਰੀ ਵੀ ਦਿਤੀ ਸੀ ਕਿ ਆਯੁਰਵੇਦ ਪ੍ਰਣਾਲੀ ਨਾਲ ਵੀ ਇਲਾਜ ਕੀਤਾ ਜਾਵੇ ਤੇ ਇਹ ਕਾਰਗਾਰ ਹੈ ਪਰ ਕੇਂਦਰ ਸਰਕਾਰ ਨੇ ਇਕ ਨਾ ਸੁਣੀ ਤੇ ਇਸੇ ਤਰ੍ਹਾਂ ਆਯੂਸ਼ ਮੰਤਰਾਲੇ ਨਾਲ ਵੀ ਗੱਲ ਕੀਤੀ ਗਈ ਸੀ ਪਰ ਕੋਈ ਅਸਰ ਨਹੀਂ ਹੋਇਆ |
ਉਨ੍ਹਾਂ ਕਿਹਾ ਕਿ ਹੁਣ ਇਸੇ ਪ੍ਰਣਾਲੀ ਨੂੰ ਲੈ ਕੇ ਗੁਰੂ ਮਨੀਸ਼ ਡੇਰਾਬਸੀ ਵਿਖੇ ਇਕ ਇੰਟੀਗ੍ਰੇਟਿਡ ਹਸਪਤਾਲ ਸ਼ੁਰੂ ਕਰ ਰਹੇ ਹਨ, ਜਿਥੇ ਨਾ ਸਿਰਫ਼ ਆਯੁਰਵੇਦ, ਸਗੋਂ ਐਲੋਪੈਥੀ, ਹੋਮਿਓਪੈਥੀ ਅਤੇ ਯੁਨਾਨੀ ਪ੍ਰਣਾਲੀ ਨਾਲ ਕੋਰੋਨਾ ਸਮੇਤ ਸਾਰੀਆਂ ਬਿਮਾਰੀਆਂ ਦਾ ਇਲਾਜ ਮੁਹਈਆ ਕਰਵਾਇਆ ਜਾਵੇਗਾ |