
ਕਿਹਾ : ‘ਆਪ’ ਆਗੂ ਦੱਸਣ ਕਿ ਐਸਡੀਆਰਐਫ ਦੇ 12,000 ਕਰੋੜ ਰੁਪਏ ਕਿੱਥੇ ਹਨ
ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਦਾਅਵਾ ਹੈ ਕਿ ਪੰਜਾਬ ਦਾ ਕੇਂਦਰ ਸਰਕਾਰ ਵੱਲੋਂ 60,000 ਕਰੋੜ ਰੁਪਏ ਦਾ ਬਕਾਇਆ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਝੂਠ ਅਤੇ ਗੁੰਮਰਾਹਕੁੰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਥੋੜ੍ਹੀ ਜਿਹੀ ਵੀ ਸੱਚਾਈ ਹੁੰਦੀ ਤਾਂਪੰਜਾਬ ਦੇ ਵਿੱਤ ਮੰਤਰੀ ਨੇ ਲੰਘੇ 3 ਸਾਲਾਂ ’ਚੋ ਹੋਈ ਜੀਐਸਟੀ ਕੌਂਸਲ ਦੀਆਂ ਬੈਠਕਾਂ ’ਚ ਇਹ ਮੁੱਦਾ ਕਿਉਂ ਨਹੀਂ ਉਠਾਇਆ। ਚੁੱਘ ਨੇ ਕਿਹਾ ਕਿ ਝੂਠ ਚਾਹੇ ਸੌ ਵਾਰ ਦੁਹਰਾਇਆ ਜਾਵੇ ਉਹ ਕਦੇ ਸੱਚ ਨਹੀਂ ਬਣ ਸਕਦਾ।
‘ਆਪ’ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਦੀ ਮੂੰਗਫਲੀ ਵਾਲੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚੁੱਘ ਨੇ ਕਿਹਾ ਕਿ 2022 ਤੱਕ ਜੀਐਸਟੀ ਲਾਗੂ ਹੋਣ ਤੋਂ ਪਹਿਲੇ ਪੰਜ ਸਾਲਾਂ ’ਚ ਪੰਜਾਬ ਨੂੰ ਪੂਰਾ ਮੁਆਵਜ਼ਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦਿੱਤੀ ਗਈ ਕੋਈ ਵੀ ਰਕਮ ਕਾਨੂੰਨੀ ਅਧਿਕਾਰ ਤੋਂ ਬਾਹਰ ਸੀ ਅਤੇ ਕੇਵਲ ਜੀਐਸਟੀ ਕੌਂਸਲ ਦੇ ਵਿਵੇਕ ’ਤੇ ਨਿਰਭਰ ਸੀ। ਚੁੱਘ ਨੇ ਕਿਹਾ ਕਿ ‘ਆਪ’ ਮੰਤਰੀ ਆਫ਼ਤ ਦੇ ਸਮੇਂ ਵੀ ਗੰਦੀ ਰਾਜਨੀਤੀ ਖੇਡ ਰਹੇ ਹਨ। ਜਦਕਿ ਮਾਨ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਦੇ ਵੀ ਜੀਐਸਟੀ ਕੌਂਸਲ ਵਿੱਚ ਇਹ ਮੁੱਦਾ ਨਹੀਂ ਉਠਾਇਆ। ਇਸ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਾਥੀਆਂ ਦੇ ਬਿਆਨ ਸਿਰਫ਼ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹਨ, ਤਾਂ ਜੋ ਮਾਨ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਹਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਨੁਕਸਾਨ ਦਾ ਅੰਕੜਾ13,289 ਕਰੋੜ ਦੇ ਨੁਕਸਾਨ ਦਾ ਪੇਸ਼ ਕੀਤਾ, ਜਦੋਂ ਕਿ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਸੇ ਮੀਟਿੰਗ ਵਿੱਚ ਇਸ ਨੂੰ ਵਧਾ ਕੇ 20,000 ਕਰੋੜ ਕਰ ਦਿੱਤਾ। ਇਹ ਵਿਰੋਧੀ ਅੰਕੜੇ ‘ਆਪ’ ਸਰਕਾਰ ਦੀ ਗੈਰ-ਜ਼ਿੰਮੇਵਾਰੀ ਅਤੇ ਭਰੋਸੇਯੋਗਤਾ ਨੂੰ ਦਰਸਾਉਂਦੇ ਹਨ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਰੰਤ ਪੰਜਾਬ ਲਈ 1,600 ਕਰੋੜ ਦੀ ਅੰਤ੍ਰਿਮ ਸਹਾਇਤਾ ਦਾ ਐਲਾਨ ਕੀਤਾ। ਯਾਨੀ ਕਿ ਜੇਕਰ ਅਸੀਂ ਇਸ ਵਿੱਚ ਆਫ਼ਤ ਪ੍ਰਬੰਧਨ ਲਈ ਪਹਿਲਾਂ ਹੀ ਜਾਰੀ ਕੀਤੇ ਗਏ 12,000 ਕਰੋੜ ਨੂੰ ਜੋੜਦੇ ਹਾਂ ਤਾਂ ਕੇਂਦਰ ਸਰਕਾਰ ਹੁਣ ਤੱਕ 13,600 ਕਰੋੜ ਜਾਰੀ ਕਰ ਚੁੱਕੀ ਹੈ।