
ਰਾਏਕੋਟ ਵਿਚ ਦਲਿਤ ਭਾਈਚਾਰੇ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਰਾਏਕੋਟ, 10 ਅਕਤੂਬਰ (ਜਸਵੰਤ ਸਿੰਘ ਸਿੱਧੂ) : ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ 19 ਸਾਲਾ ਦਲਿਤ ਲੜਕੀ ਨਾਲ ਸਮੂਹਕ ਜਬਰ-ਜਨਾਹ ਦਾ ਸ਼ਿਕਾਰ ਪੀੜਤਾ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਸਥਾਨਕ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਸਮੇਤ ਸਾਰੀਆ ਦੁਕਾਨਾ ਸਵੇਰੇ 11 ਵਜੇ ਤਕ ਬੰਦ ਰੱਖੀਆਂ ਗਈਆਂ।
ਇਸ ਮੌਕੇ ਦਲਿਤ ਸਮਾਜ ਦੇ ਆਗੂਆਂ ਦਵਿੰਦਰ ਬੌਬੀ ਗਿੱਲ, ਮਿੰਟੂ ਨਾਹਰ, ਸੁਰਿੰਦਰ ਸਿੰਘ ਸਪਰਾ ਸਾਬਕਾ ਕਂੌਸਲਰ ਨੇ ਕਿਹਾ ਕਿ ਯੂਪੀ ਵਿਚ ਯੋਗੀ ਸਰਕਾਰ ਦੇ ਕਾਰਜਕਾਲ ਦੌਰਾਨ ਹਤਿਆਵਾਂ ਅਤੇ ਲੜਕੀਆਂ ਨਾਲ ਬਲਾਤਕਾਰ ਆਮ ਜਿਹੀ ਗੱਲ ਹੋ ਗਈ ਹੈ, ਉੱਚ ਜਾਤੀ ਦੇ ਅਪਰਾਧਕ ਲੋਕਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਸਰਕਾਰ ਦੀ ਪੁਸ਼ਤ ਪਨਾਹੀ ਹੋਣ ਕਾਰਨ ਉਹ ਅਪਰਾਧ ਕਰਨਾ ਆਪਣੀ ਸ਼ਾਨ ਸਮਝਦੇ ਹਨ। ਯੂਪੀ ਵਿਚ ਆਏ ਦਿਨ ਕੋਈ ਨਾ ਕੋਈ ਘਟਨਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਦੀ ਰਹਿੰਦੀ ਹੈ, ਪਰ ਤਾਜ਼ਾ ਘਟਨਾ ਹਾਥਰਸ ਵਾਲੀ ਘਟਨਾ ਨੇ ਸਰਕਾਰ ਤੇ ਇਨਸਾਨੀਅਤ ਦਾ ਜਨਾਜ਼ਾ ਹੀ ਕੱਢ ਕੇ ਰੱਖ ਦਿਤਾ ਹੈ।
ਇਸ ਮੌਕੇ ਲਲਿਤ ਘਾਰੂ, ਮੁਹੰਮਦ ਇਮਰਾਨ, ਬਬਲਾ ਗਿੱਲ, ਪ੍ਰਕਾਸ਼ ਸਹੋਤਾ, ਵਿੱਕੀ, ਹੈਪੀ ਤਲਵੰਡੀ, ਰਵੀ ਭੰਗਾਣੀ, ਰਾਜਾ ਗਿੱਲ, ਸਾਹਿਲ ਸਹੋਤਾ ਆਦਿ ਹਾਜ਼ਰ ਸਨ।