
ਤਤਕਾਲੀਨ ਐਸ.ਪੀ. ਅਤੇ ਐਸ.ਐਚ.ਓ. ਸਮੇਤ ਚਾਰ ਵਿਰੁਧ ਅਦਾਲਤ ਵਿਚ ਚਲਾਨ ਪੇਸ਼
ਕੋਟਕਪੂਰਾ, 10 ਅਕਤੂਬਰ (ਗੁਰਿੰਦਰ ਸਿੰਘ) : ਤਤਕਾਲੀਨ ਬਾਦਲ ਸਰਕਾਰ ਸਮੇਂ ਬੇਅਦਬੀ ਕਾਂਡ ਦਾ ਇਨਸਾਫ਼ ਮੰਗਣ ਮੌਕੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣ, ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਦੇਣ, ਅਨੇਕਾਂ ਨੂੰ ਜ਼ਖ਼ਮੀ ਕਰਨ, ਸਰਕਾਰੀ ਤੇ ਆਮ ਲੋਕਾਂ ਦੇ ਵਾਹਨਾਂ ਦੇ ਨੁਕਸਾਨ ਕਰਨ ਤੋਂ ਬਾਅਦ ਧਰਨਾਕਾਰੀਆਂ ਨੂੰ ਦੋਸ਼ੀ ਠਹਿਰਾਉਣ ਲਈ ਬਾਜਾਖ਼ਾਨਾ ਥਾਣੇ ਵਿਖੇ ਫ਼ਰਜ਼ੀ ਐਫ਼.ਆਈ.ਆਰ. ਦਰਜ ਕਰਨ, ਸਬੂਤ ਮਿਟਾਉਣ, ਨਵੇਂ ਸਬੂਤ ਘੜਨ ਵਰਗੀਆਂ ਪੁਲਿਸ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਮਨਮਜ਼ੀਆਂ ਹੁਣ ਉਨ੍ਹਾਂ ਲਈ ਗਲੇ ਦੀ ਹੱਡੀ ਬਣਦੀਆਂ ਜਾ ਰਹੀਆਂ ਹਨ। ਕਿਉਂਕਿ ਗੋਲੀਕਾਂਡ ਘਟਨਾਵਾਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਬਹਿਬਲ ਕਲਾਂ ਗੋਲੀਕਾਂਡ ਕੇਸ ਦੇ ਮੁਲਜ਼ਮਾਂ ਬਿਕਰਮਜੀਤ ਸਿੰਘ ਤਤਕਾਲੀ ਐਸ.ਪੀ. ਫ਼ਾਜਿਲਕਾ, ਅਮਰਜੀਤ ਸਿੰਘ ਕੁਲਾਰ ਤਤਕਾਲੀ ਐਸ.ਐਚ.ਓ. ਬਾਜਾਖ਼ਾਨਾ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੀ ਮਦਦ ਕਰਨ ਦੇ ਮਾਮਲੇ 'ਚ ਨਾਮਜ਼ਦ ਫ਼ਰੀਦਕੋਟ ਦੇ ਵਕੀਲ ਸੁਹੇਲ ਸਿੰਘ ਬਰਾੜ ਅਤੇ ਮੋਗਾ ਦੇ ਕਾਰੋਬਾਰੀ ਪੰਕਜ ਬਾਂਸਲ ਵਿਰੁਧ ਅਦਾਲਤ 'ਚ ਚਲਾਨ ਪੇਸ਼ ਕਰ ਦਿਤਾ ਹੈ।
ਇਸ ਕੇਸ 'ਚ ਐਸ.ਆਈ.ਟੀ. ਵਲੋਂ ਮੁੱਖ ਮੁਲਜ਼ਮ ਅਤੇ ਚਰਨਜੀਤ ਸ਼ਰਮਾ ਤਤਕਾਲੀ ਐਸ.ਐਸ.ਪੀ ਮੋਗਾ ਵਿਰੁਧ ਪਹਿਲਾਂ ਹੀ ਅਦਾਲਤ ਵਿਖੇ ਚਾਰਜਸ਼ੀਟ ਦਿਤੀ ਜਾ ਚੁੱਕੀ ਹੈ ਅਤੇ ਇੰਨ੍ਹੀਂ ਦਿਨੀਂ ਉਨ੍ਹਾਂ 'ਤੇ ਇਲਜ਼ਾਮ ਤੈਅ ਕਰਨ ਦੀ ਕਾਰਵਾਈ ਚਲ ਰਹੀ ਹੈ।
ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਹਾਲ ਹੀ ਵਿਚ ਐਸ.ਆਈ.ਟੀ. ਨੇ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਕੇਸ ਦਾ 'ਵਾਅਦਾ ਮਾਫ਼ ਗਵਾਹ' ਬਣਾ ਲਿਆ ਹੈ ਜਦਕਿ ਬਾਕੀ ਦੋਹਾਂ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਮੁਲਜ਼ਮਾਂ ਲਈ ਝੂਠੇ ਸਬੂਤ ਤਿਆਰ ਕਰਨ ਦੇ ਇਲਜ਼ਾਮ 'ਚ ਨਾਮਜ਼ਦ ਸੁਹੇਲ ਸਿੰਘਬਰਾੜ ਅਤੇ ਪੰਕਜ ਬਾਂਸਲ ਵਿਰੁਧ ਵੀ ਚਲਾਨ ਪੇਸ਼ ਕਰ ਦਿਤਾ ਗਿਆ ਹੈ।