
ਕਥਿਤ ਖੁਦਕੁਸ਼ੀ ਕਰ ਚੁਕੇ ਹਰਿਆਣਾ ਪੁਲਿਸ ਅਧਿਕਾਰੀ ਦੀ ਪਤਨੀ ਨੂੰ ਸੀਨੀਅਰ ਕਾਂਗਰਸ ਆਗੂ ਨੇ ਲਿਖੀ ਚਿੱਠੀ
ਨਵੀਂ ਦਿੱਲੀ : ਕਾਂਗਰਸ ਆਗੂ ਸੋਨੀਆ ਗਾਂਧੀ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰਨ ਵਾਲੇ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਤਨੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਸੱਤਾ ’ਚ ਬੈਠੇ ਲੋਕਾਂ ਦਾ ਪੱਖਪਾਤੀ ਅਤੇ ਵਿਤਕਰੇ ਵਾਲਾ ਰਵੱਈਆ ਸੱਭ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਸਮਾਜਕ ਨਿਆਂ ਤੋਂ ਵਾਂਝਾ ਰਖਦਾ ਹੈ।
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਕਿਹਾ ਗਿਆ ਹੈ ਕਿ ਉਹ ਅਤੇ ਦੇਸ਼ ਦੇ ਲੱਖਾਂ ਲੋਕ ਨਿਆਂ ਦੇ ਰਾਹ ਉਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ 2001 ਬੈਚ ਦੇ ਅਧਿਕਾਰੀ 52 ਸਾਲ ਦੇ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸੈਕਟਰ 11 ਸਥਿਤ ਅਪਣੀ ਰਿਹਾਇਸ਼ ਉਤੇ ਕਥਿਤ ਤੌਰ ਉਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਪਤਨੀ, ਇਕ ਸੀਨੀਅਰ ਆਈ.ਏ.ਐੱਸ. ਅਫ਼ਸਰ ਹਨ, ਜੋ ਹਰਿਆਣਾ ਸਰਕਾਰ ਦੀ ਕਮਿਸ਼ਨਰ ਅਤੇ ਸਕੱਤਰ ਹੈ।
ਸੋਨੀਆ ਨੇ ਚਿੱਠੀ ਵਿਚ ਕਿਹਾ, ‘‘ਤੁਹਾਡੇ ਪਤੀ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਦੁਖਦਾਈ ਮੌਤ ਦੀ ਖ਼ਬਰ ਹੈਰਾਨ ਕਰਨ ਵਾਲੀ ਅਤੇ ਡੂੰਘੀ ਦੁਖਦਾਈ ਹੈ। ਇਸ ਮੁਸ਼ਕਲ ਸਮੇਂ ’ਚ ਮੈਨੂੰ ਤੁਹਾਡੇ ਅਤੇ ਤੁਹਾਡੇ ਪੂਰੇ ਪਰਵਾਰ ਪ੍ਰਤੀ ਦਿਲੀ ਹਮਦਰਦੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਵਾਈ. ਪੂਰਨ ਕੁਮਾਰ ਦਾ ਦੇਹਾਂਤ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੱਜ ਵੀ ਸੱਤਾ ’ਚ ਬੈਠੇ ਲੋਕਾਂ ਦਾ ਪੱਖਪਾਤੀ ਅਤੇ ਵਿਤਕਰੇ ਵਾਲਾ ਰਵੱਈਆ ਸੱਭ ਤੋਂ ਸੀਨੀਅਰ ਅਧਿਕਾਰੀਆਂ ਨੂੰ ਸਮਾਜਕ ਨਿਆਂ ਤੋਂ ਵਾਂਝਾ ਰੱਖਦਾ ਹੈ। ਮੈਂ ਅਤੇ ਦੇਸ਼ ਦੇ ਲੱਖਾਂ ਲੋਕ ਨਿਆਂ ਦੇ ਇਸ ਰਾਹ ਉਤੇ ਤੁਹਾਡੇ ਨਾਲ ਖੜ੍ਹੀ ਹਾਂ। ਪ੍ਰਮਾਤਮਾ ਤੁਹਾਨੂੰ ਇਸ ਮੁਸ਼ਕਲ ਸਥਿਤੀ ’ਚ ਸਬਰ, ਹਿੰਮਤ ਅਤੇ ਤਾਕਤ ਬਖਸ਼ੇ।’’