
ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿਰੁੱਧ ਸਰਕਾਰ ਦੁਆਰਾ ....
ਚੰਡੀਗੜ੍ਹ (ਸ.ਸ.ਸ) : ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿਰੁੱਧ ਸਰਕਾਰ ਦੁਆਰਾ ਅਖ਼ਤਿਆਰ ਕੀਤੀ ਬਦਲੇ-ਲਊ ਨੀਤੀ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ। 'ਆਪ' ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਅਧਿਆਪਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਰਕਾਰ ਦਾ ਕਰਮਚਾਰੀ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ।
Captain Amrinder Singh
ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਉਹ ਕਰਮਚਾਰੀਆਂ ਅਤੇ ਬਾਕੀ ਵਰਗਾਂ ਉੱਤੇ ਧੱਕਾ ਕਰੇ ਅਤੇ ਉਹ ਇਸ ਦੇ ਵਿਰੁੱਧ ਆਵਾਜ਼ ਵੀ ਨਾ ਚੁੱਕਣ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਨੇ ਨਾਦਰਸ਼ਾਹੀ ਫ਼ਰਮਾਨ ਸੁਣਾ ਕੇ ਪਹਿਲਾਂ ਤਾਂ 45,000 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਪ੍ਰਾਪਤ ਕਰ ਰਹੇ ਅਧਿਆਪਕਾਂ ਨੂੰ ਜਬਰਨ 10,800 ਪ੍ਰਤੀ ਮਹੀਨਾ ਲੈਣ ਲਈ ਮਜਬੂਰ ਕੀਤਾ ਅਤੇ ਜਦੋਂ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਹੈ ਤਾਂ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਦੇ ਨੇੜਲੇ ਸਥਾਨਾਂ ਤੋਂ ਬਦਲ ਕੇ ਦੂਰ-ਦੁਰਾਡੇ ਖ਼ਾਸ ਕਰ ਕੇ ਬਾਰਡਰ ਖੇਤਰਾਂ ਵਿਚ ਭੇਜਿਆ ਜਾ ਰਿਹਾ ਹੈ।
Captain Amrinder Singh
ਉਨ੍ਹਾਂ ਦੱਸਿਆ ਕਿ ਸੰਘਰਸ਼ੀ ਅਧਿਆਪਕਾਂ ਵਿਚੋਂ ਬਠਿੰਡਾ ਦੇ 26, ਮੋਗਾ ਦੇ 5, ਮਾਨਸਾ ਦੇ 14, ਹੁਸ਼ਿਆਰਪੁਰ ਦੇ 16, ਪਟਿਆਲਾ ਦੇ 6, ਅੰਮ੍ਰਿਤਸਰ ਦੇ 5 ਆਦਿ ਅਧਿਆਪਕਾਂ ਦੇ ਜਬਰੀ ਤਬਾਦਲੇ ਕੀਤੇ ਗਏ ਹਨ। 'ਆਪ' ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਇਸ ਕਦਮ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਅਤੇ ਲੋਕ ਹਿਤ ਵਿਚ ਕਾਰਜ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਅਜਿਹੇ ਲੋਕ ਵਿਰੋਧੀ ਕਾਰਜਾਂ ਤੋਂ ਬਾਜ਼ ਨਾ ਆਈ ਤਾਂ ਪਾਰਟੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਵੇਗੀ।