
ਵਿਧਾਇਕ ਜ਼ੀਰਾ ਨੇ ਕੀਤੀ ਅਗਵਾਈ ; ਕੈਪਟਨ ਸੰਧੂ ਤੇ ਵਿਧਾਇਕ ਚੀਮਾ ਵਲੋਂ ਸੰਗਤ ਦਾ ਨਿੱਘਾ ਸਵਾਗਤ
ਸੁਲਤਾਨਪੁਰ ਲੋਧੀ : ਕੇਸਰੀ ਨਿਸ਼ਾਨ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਅੱਜ 5000 ਤੋਂ ਜ਼ਿਆਦਾ ਸੰਗਤ ਜ਼ੀਰਾ ਤੋਂ ਪੈਦਲ ਚੱਲਕੇ ਸੁਲਤਾਨਪੁਰ ਲੋਧੀ ਪੁਹੰਚੀ। ਗੁਰੂ ਨਾਨਕ ਦੇਵ ਜੀ ਮਹਿਮਾ ਗਾਉਂਦਿਆਂ ਸੰਗਤ ਵਲੋਂ ਜ਼ੀਰਾ ਤੋਂ ਸੁਲਤਾਨਪੁਰ ਲੋਧੀ ਤਕ ਦਾ 45 ਕਿਲੋਮੀਟਰ ਤੱਕ ਦਾ ਸਫ਼ਰ ਬਿਨਾਂ ਰੁਕੇ ਲਗਭਗ 6 ਘੰਟੇ ਵਿਚ ਤੈਅ ਕੀਤਾ ਗਿਆ।
5000 devotees on hiking march from Zira reaches Sultanpur Lodhi
ਸੰਗਤ ਦੀ ਅਗਵਾਈ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕਰ ਰਹੇ ਸਨ, ਜਿਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਜ਼ੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ।
5000 devotees on hiking march from Zira reaches Sultanpur Lodhi
ਜ਼ੀਰਾ ਤੋਂ ਸਵੇਰੇ 7 ਵਜੇ ਸੁਲਤਾਨਪੁਰ ਲੋਧੀ ਲਈ ਸੰਗਤ ਵਲੋਂ ਚਾਲੇ ਪਾਏ ਗਏ ਜੋ ਕਿ ਸ਼ਬਦ ਗਾਇਨ ਕਰਦੀ ਹੋਈ ਲੋਹੀਆਂ ਤੋਂ ਸੁਲਤਾਨਪੁਰ ਲੋਧੀ ਪੁੱਜੀ। ਸੰਗਤ ਦਾ ਅਨੁਸ਼ਾਸ਼ਨ ਲਾਮਿਸਾਲ ਸੀ, ਕਿਉਂ ਜੋ ਸੰਗਤ ਦੀ ਵੱਡੀ ਗਿਣਤੀ ਦੇ ਬਾਵਜੂਦ ਆਮ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਿਆ। ਲੋਹੀਆਂ ਰੋਡ ਉੱਪਰ ਸਥਾਪਿਤ ਟੈਂਟ ਸਿਟੀ ਨੇੜੇ ਸੰਗਤ ਦਾ ਸਵਾਗਤ ਕਰਦਿਆਂ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ 50 ਲੱਖ ਸੰਗਤ ਦੀ ਸਹੂਲਤ ਲਈ ਵਡੇਰੇ ਪ੍ਰਬੰਧ ਕੀਤੇ ਗਏ ਹਨ।
5000 devotees on hiking march from Zira reaches Sultanpur Lodhi
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਜ਼ੀਰਾ ਹਲਕੇ ਤੋਂ ਗੁਰੂ ਘਰ ਦੇ ਦਰਸ਼ਨਾਂ ਲਈ ਪਹਿਲਾ ਜਥਾ ਅੱਜ ਲੈ ਕੇ ਪਹੁੰਚੇ ਹਨ ਜਦਕਿ ਕੱਲ 12 ਨਵੰਬਰ ਨੂੰ ਇਕ ਹੋਰ ਜਥਾ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪਹੁੰਚੇਗਾ। ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਧਰਤੀ 'ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਗਤ ਦੇ ਸਵਾਗਤ ਲਈ ਸਜਾਵਟੀ ਗੇਟ ਸਮੇਤ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸਮੁੱਚਾ ਇਲਾਕਾ ਪੂਰੇ ਜਾਹੋ ਜਲਾਲ ਨਾਲ ਖਾਲਸਾਈ ਰੰਗ ਵਿਚ ਰੰਗਿਆ ਗਿਆ।
5000 devotees on hiking march from Zira reaches Sultanpur Lodhi