
ਕੈਬਨਿਟ ਮੰਤਰੀ ਨੇ ਪਿੰਡ ਰਾਜਪੁਰਾ ’ਚ ਲੋੜਵੰਦ ਬਜ਼ੁਰਗਾਂ ਨੂੰ ਵੰਡੇ ਰਿਆਇਤੀ ਬੱਸ ਪਾਸ
ਭਵਾਨੀਗੜ੍ਹ/ਸੰਗਰੂਰ :ਸੰਗਰੂਰ ਹਲਕੇ ਦੇ ਖੇਡ ਸਟੇਡੀਅਮਾਂ ’ਚ ਅੱਵਲ ਦਰਜੇ ਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਨਾਲ-ਨਾਲ ਬਿਜਲੀ ਦੇ ਬਿੱਲਾਂ ਦਾ ਖਰਚਾ ਘਟਾਉਣ ਲਈ ਸਟੇਡੀਅਮਾਂ ’ਚ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਲਈ ਸੋਲਰ ਪਲਾਂਟ ਲਗਵਾਏ ਜਾਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਹਲਕੇ ਦੇ ਖੇਡ ਸਟੇਡੀਅਮਾਂ ਦਾ ਦੌਰਾ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਸ਼ਹਿਰ ਵਿਖੇ ਵਿਸ਼ਵ ਪੱਧਰੀ ਸਟੇਡੀਅਮ ਤਿਆਰ ਕਰਵਾਉਣ ਦੇ ਨਾਲ-ਨਾਲ ਪਿੰਡਾਂ ’ਚ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਿਆਰੀ ਸਹੂਲਤਾਂ ਵਾਲੇ ਸਟੇਡੀਅਮ ਤੇ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ।
Vijeinder singla
ਆਪਣੇ ਦੌਰੇ ਦੌਰਾਨ ਸ਼੍ਰੀ ਸਿੰਗਲਾ ਨੇ ਪਿੰਡ ਰਾਜਪੁਰਾ ਵਿਖੇ ਲੋੜਵੰਦ ਬਜ਼ੁਰਗਾਂ ਨੂੰ ਰਿਆਇਤੀ ਬੱਸ ਪਾਸ ਵੀ ਵੰਡੇ। ਆਪਣੇ ਦੌਰੇ ਦੌਰਾਨ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਹਲਕੇ ਦੇ ਪਿੰਡਾਂ ’ਚ ਵੀ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਵਿਕਾਸ ਕਾਰਜਾਂ ਦੀ ਕਾਰਵਾਈ ਜਾਰੀ ਰਹਿਣਾ ਇਸਦਾ ਪ੍ਰਤੱਖ ਪ੍ਰਮਾਣ ਹੈ। ਉਨਾਂ ਕਿਹਾ ਕਿ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਚੰਗੇ ਪਾਸੇ ਜੋੜਨ ਲਈ ਹਰ ਪਿੰਡ ਵਿਚ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ।
Vijeinder singla
ਉਨਾਂ ਕਿਹਾ ਕਿ ਪਿੰਡਾਂ ’ਚ ਛੱਪੜਾਂ ਨੂੰ ਸਾਫ਼ ਕਰਵਾ ਕੇ ਸੀਚੇਵਾਲ ਮਾਡਲ ਜ਼ਰੀਏ ਨਵੇਂ ਸਿਰਿਉ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਛੱਪੜਾਂ ਦਾ ਆਲਾ-ਦੁਆਲਾ ਪੱਕਾ ਕਰਵਾ ਕੇ ਲੋਕਾਂ ਦੇ ਸੈਰ ਕਰਨ ਲਈ ਟਰੈਕ ਵੀ ਬਣਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਛੱਪੜਾਂ ਦੇ ਨਵੀਨੀਕਰਨ ਨਾਲ ਜਿੱਥੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲੀ ਹੈ, ਉੱਥੇ ਹੀ ਸਾਫ਼ ਸੁਥਰਾ ਮਾਹੌਲ ਸਿਰਜਣ ਵਿਚ ਮਦਦ ਮਿਲੀ ਹੈ। ਉਨਾਂ ਕਿਹਾ ਕਿ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਉਹ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹਨ ਤੇ ਇਸ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਚੇਅਰਮੈਨ ਵਰਿੰਦਰ ਪੰਨਵਾ ਅਤੇ ਖੇਡ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।