
ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦਾ ਰਖਿਆ ਨੀਂਹ ਪੱਥਰ
ਨਵੀਂ ਦਿੱਲੀ, 10 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭੂਮੀ ਪੂਜਾ ਕਰ ਕੇ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰਖਿਆ। ਨਵੀਂ ਚਾਰ ਮੰਜ਼ਿਲਾ ਸੰਸਦ ਦੀ ਇਮਾਰਤ ਦਾ ਨਿਰਮਾਣ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਕ ਪੂਰਾ ਹੋਣ ਦੀ ਸੰਭਾਵਨਾ ਹੈ।
ਭੂਮੀ ਪੂਜਨ ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਜਾਪ ਵਿਚਕਾਰ ਕੀਤੀ ਅਤੇ ਇਸ ਦੇ ਸੰਪੂਰਨ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੁੱਭ ਸਮੇਂ ਵਿਚ ਰਵਾਇਤੀ ਕਾਨੂੰਨ ਵਿਧਾਨ ਦਾ ਨੀਂਹ ਪੱਥਰ ਰਖਿਆ।
ਲੋਕ ਸਭਾ ਸਪੀਕਰ ਓਮ ਬਿਰਲਾ, ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਖਿਆ ਮੰਤਰੀ ਰਾਜਨਾਥ ਸਿੰਘ, ਕਈ ਕੇਂਦਰੀ ਮੰਤਰੀਆਂ, ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਅਤੇ ਕਈ ਦੇਸ਼ਾਂ ਦੇ ਰਾਜਦੂਤ ਇਸ ਇਤਿਹਾਸਕ ਅਵਸਰ ਦੇ ਗਵਾਹ ਬਣੇ।
ਨਵੀਂ ਸੰਸਦ ਦੀ ਇਮਾਰਤ 64,500 ਵਰਗ ਮੀਟਰ ਦੇ ਖੇਤਰ ਵਿਚ 971 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਉਣ ਦੀ ਤਜਵੀਜ਼ ਹੈ। ਦਸਣਯੋਗ ਹੈ ਕਿ ਨਵੇਂ ਸੰਸਦ ਭਵਨ ਦੀ ਉਸਾਰੀ ਦਾ ਪ੍ਰਸਤਾਵ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕ੍ਰਮਵਾਰ 5 ਅਗਸਤ 2019 ਨੂੰ ਰਾਜ ਸਭਾ ਅਤੇ ਲੋਕ ਸਭਾ ਵਿਚ ਪੇਸ਼ ਕੀਤਾ ਸੀ।
ਨਵੇਂ ਸੰਸਦ ਭਵਨ ਦਾ ਡਿਜ਼ਾਇਨ ਮੈਸਰਜ਼ ਐਚਸੀਪੀ ਡਿਜ਼ਾਈਨ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਅਹਿਮਦਾਬਾਦ ਵਲੋਂ ਤਿਆਰ ਕੀਤਾ ਹੈ ਅਤੇ ਇਸ ਦਾ ਨਿਰਮਾਣ ਟਾਟਾ ਪ੍ਰੋਜੈਕਟਜ਼ ਲਿਮਟਿਡ ਕਰੇਗਾ।
ਨਵੀਂ ਇਮਾਰਤ ਸਾਰੀਆਂ ਆਧੁਨਿਕ ਆਡੀਉ-ਵਿਜ਼ੁਅਲ ਸੰਚਾਰ ਸਹੂਲਤਾਂ ਅਤੇ ਡਾਟਾ ਨੈਟਵਰਕ ਪ੍ਰਣਾਲੀਆਂ ਨਾਲ ਲੈਸ ਹੋਵੇਗੀ। ਇਹ ਯਕੀਨੀ ਕਰਨ ਲਈ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ ਕਿ ਨਿਰਮਾਣ ਕਾਰਜ ਦੌਰਾਨ ਸੰਸਦ ਦੇ ਸੈਸ਼ਨਾਂ ਦੇ ਆਯੋਜਨ ਵਿਚ ਘੱਟੋ-ਘੱਟ ਵਿਘਨ ਪੈ ਰਿਹਾ ਹੈ ਅਤੇ ਵਾਤਾਵਰਣ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਲੋਕ ਸਭਾ ਸਕੱਤਰੇਤ ਅਨੁਸਾਰ ਨਵੇਂ ਸੰਸਦ ਭਵਨ ਦੇ ਲੋਕ ਸਭਾ ਕਮਰੇ ਵਿਚ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ, ਜਿਸ ਵਿਚ ਸਾਂਝੇ ਸੈਸ਼ਨ ਦੌਰਾਨ 1224 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਵੀ ਹੋਵੇਗੀ। ਇਸੇ ਤਰ੍ਹਾਂ ਰਾਜ ਸਭਾ ਦੇ ਚੈਂਬਰ ਵਿਚ 384 ਮੈਂਬਰਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ।
ਨਵਾਂ ਸੰਸਦ ਭਵਨ ਭਾਰਤ ਦੇ ਲੋਕਤੰਤਰ ਅਤੇ ਭਾਰਤ ਦੇ ਲੋਕਾਂ ਦੇ ਮਾਣ ਦਾ ਪ੍ਰਤੀਕ ਹੋਵੇਗਾ, ਜਿਹੜਾ ਨਾ ਸਿਰਫ਼ ਦੇਸ਼ ਦਾ ਗੌਰਵਮਈ ਇਤਿਹਾਸ, ਬਲਕਿ ਇਸ ਦੀ ਏਕਤਾ ਅਤੇ ਵਿਭਿੰਨਤਾ ਨੂੰ ਵੀ ਦਰਸਾਵੇਗਾ। (ਪੀਟੀਆਈ)
ਡੱਬੀ
ਨਵਾਂ ਸੰਸਦ ਭਵਨ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦਾ ਗਵਾਹ ਬਣੇਗਾ: ਮੋਦੀ
ਨਵੀਂ ਦਿੱਲੀ, 10 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰਖਿਆ ਅਤੇ ਇਸ ਮੌਕੇ ਨੂੰ ਇਤਿਹਾਸਕ ਅਤੇ ਭਾਰਤ ਦੇ ਲੋਕਤੰਤਰੀ ਇਤਿਹਾਸ ਵਿਚ 'ਮੀਲ ਦਾ ਪੱਥਰ' ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦਾ ਗਵਾਹ ਬਣੇਗਾ ਅਤੇ 21ਵੀਂ ਸਦੀ ਦੇ ਭਾਰਤ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ।
ਨਵੇਂ ਸੰਸਦ ਭਵਨ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਨਵੇਂ ਸੰਸਦ ਭਵਨ ਦੀ ਉਸਾਰੀ ਸਮੇਂ ਅਤੇ ਲੋੜਾਂ ਅਨੁਸਾਰ ਬਦਲਾਅ ਲਿਆਉਣ ਦੀ ਕੋਸ਼ਿਸ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਵੇਖ ਕੇ ਮਾਣ ਕਰਨਗੀਆਂ ਕਿ ਇਹ ਸੁਤੰਤਰ ਭਾਰਤ ਵਿਚ ਬਣਿਆ ਹੈ। (ਪੀਟੀਆਈ)