
ਸਟੇਟ ਐਵਾਰਡੀ ਭਾਗ ਸਿੰਘ ਨੇ ਵੀ ਕੀਤਾ ਅਪਣਾ ਐਵਾਰਡ ਵਾਪਸ ਕਰਨ ਦਾ ਐਲਾਨ
ਨਵੀਂ ਦਿੱਲੀ, 10 ਦਸੰਬਰ : ਕਿਸਾਨ ਦਿੱਲੀ ਬਾਰਡਰ 'ਤੇ ਖੇਤੀ ਕਾਨੂੰਨਾਂ ਵਿਰੁਧ ਲਗਾਤਾਰ ਡਟੇ ਹੋਏ ਹਨ ਤੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰ ਪਾਸੇ ਤੋਂ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕਾਂ ਤੋਂ ਲੈ ਕੇ ਖਿਡਾਰੀਆਂ ਤੱਕ ਸਭ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਖਿਡਾਰੀਆਂ ਨੇ ਇਸ ਸੰਘਰਸ਼ ਲਈ ਆਪਣੇ ਐਵਾਰਡ ਵੀ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਸਾਬਕਾ ਸਟੇਟ ਡਰੱਗਜ ਕੰਟਰੋਲਰ ਪੰਜਾਬ, ਸਟੇਟ ਐਵਾਰਡੀ ਭਾਗ ਸਿੰਘ ਨੇ ਵੀ ਆਪਣਾ ਐਵਾਰਡ ਵਾਪਸ ਕਰਨ ਦੀ ਠਾਨ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਐਵਾਰਡ ਚਾਹੇ ਸਟੇਟ ਦਾ ਐਵਾਰਡ ਹੀ ਹੈ ਪਰ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਨਾਮ ਵੀ ਇਸ ਸੰਘਰਸ਼ ਵਿਚ ਪਵੇ।
ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਐਵਾਰਡ ਵਾਪਸੀ ਤਾਕਤਵਰ ਹੂਕਮਰਾਨਾਂ ਦੀ ਹਉਮੇ ਦੀ ਅੱਗ ਦੇ ਧੂਏ ਦੇ ਇਕ ਕਿਣਕੇ ਬਰਾਬਰ ਹੀ ਸਿੱਧ ਹੋਵੇਗੀ ਪਰ ਮੇਰੀ ਜ਼ਮੀਰ ਨੂੰ ਮਰਨ ਤੋਂ ਬਚਾਉਣ ਲਈ ਇਕ ਜੀਵਨ ਰਾਖਸ਼ਕ ਦਵਾਈ ਵਾਂਗ ਜਰੂਰ ਸਹਾਈ ਹੋਵੇਗੀ ਕਿਉਂਕਿ ਜਮੀਰ ਦੀ ਮੌਤ ਹੀ ਇਨਸਾਨ ਦੀ ਅਸਲੀ ਮੌਤ ਹੁੰਦੀ ਹੈ। ਭਾਗ ਸਿੰਘ ਨੇ ਅਪਣਾ ਐਵਾਰਡ ਵਾਪਸ ਕਰਨ ਲਈ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ।
ਭਾਗ ਸਿੰਘ ਵਲੋਂ ਲਿਖਿਆ ਪੱਤਰ ''ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ'' ਗੁਰੂ ਸਾਹਿਬ ਦੇ ਫੁਰਮਾਨ ਤਹਿਤ ਕਿਸਾਨ/ ਕਿਰਤੀਆਂ ਦੇ ਹੱਕ ਵਿਚ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਮੇਰਾ ਪੰਜਾਬ ਸਰਕਾਰ ਨੂੰ ਆਪਣਾ ਸਟੇਟ ਐਵਾਰਡ ਘੋਸ਼ਣਾ ਉਸ ਦਲੇਰ ਚਿੜੀ ਦੇ ਉਸ ਹੰਬਲੇ ਤੋਂ ਪ੍ਰੇਰਿਤ ਹੈ, ਜੋ ਜੰਗਲ ਵਿਚ ਲੱਗੀ ਅੱਗ ਨੂੰ ਸ਼ਾਂਤ ਕਰਨ ਲਈ ਆਪਣੀ ਚੁੰਝ ਵਿਚ ਕੁੱਝ ਪਾਣੀ ਦੀਆਂ ਬੂੰਦਾਂ ਦੂਰ ਇਕ ਛੱਪੜ ਵਿਚੋਂ ਭਰ-ਭਰ ਕੇ ਲਿਆਉਂਦੀ ਰਹੀ ਅਤੇ ਅੱਗ ਤੇ ਪਾਉਂਦੀ ਰਹੀ, ਜਦੋਂ ਇਕ ਤਮਾਸ਼ਬੀਨ ਬਾਂਦਰ ਨੇ ਉਸ ਨੂੰ ਤੰਜ ਕੱਸਦਿਆਂ ਪੁਛਿਆ ''ਕਿ ਤੂੰ ਸਮਝਦੀ ਹੈ ਕਿ ਤੇਰੇ ਇੰਝ ਕਰਨ ਨਾਲ ਇਸ ਜੰਗਲ ਵਿਚ ਲੱਗੀ ਅੱਗ ਸ਼ਾਂਤ ਹੋ ਜਾਵੇਗੀ ਤਾਂ ਉਸ ਦਲੇਰ ਚਿੜੀ ਨੇ ਅੱਗੋ ਜਵਾਬ ਦਿਤਾ, ਮੈਨੂੰ ਪਤਾ ਹੈ ਕਿ ਮੇਰੇ ਇਸ ਹੰਭਲੇ ਨਾਲ ਅੱਗ ਨੇ ਸ਼ਾਂਤ ਨਹੀਂ ਹੋਣਾ ਪਰ ਮੇਰਾ ਨਾਂ ਜੰਗਲ ਦੀ ਅੱਗ ਬਝਾਉਣ ਵਾਲਿਆਂ ਵਿਚ ਲਿਖਿਆ ਜਾਵੇਗਾ ਤੇ ਤੇਰਾ ਨਾਂ ਤਮਾਸ਼ਬੀਨਾਂ ਦੀ ਸੂਚੀ ਵਿਚ। ਸੋ ਮੇਰਾ ਵੀ ਇਹ ਮੰਨਣਾ ਹੈ ਕਿ ਮੇਰੀ ਇਹ ਅਵਾਰਡ ਵਾਪਸੀ ਤਾਕਤਵਰ ਹੂਕਮਰਾਨਾਂ ਦੀ ਹਉਮੇ ਦੀ ਅੱਗ ਦੇ ਧੂਏ ਦੇ ਇਕ ਕਿਣਕੇ ਬਰਾਬਰ ਹੀ ਸਿੱਧ ਹੋਵੇਗੀ ਪਰ ਮੇਰੀ ਜਮੀਰ ਨੂੰ ਮਰਨ ਤੋਂ ਬਚਾਉਣ ਲਈ ਇਕ ਜੀਵਨ ਰਾਖਸ਼ਕ ਦਵਾਈ ਵਾਂਗ ਜਰੂਰ ਸਹਾਈ ਹੋਵੇਗੀ ਕਿਉਂਕਿ ਜਮੀਰ ਦੀ ਮੌਤ ਹੀ ਇਨਸਾਨ ਦੀ ਅਸਲੀ ਮੌਤ ਹੁੰਦੀ ਹੈ।
ਸੋ ਸਾਡੇ ਸੰਘਰਸ਼ਸ਼ੀਲ ਵੀਰੋ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਤੁਹਾਡੇ ਨਾਲ ਹਨ ਅਤੇ ਉਹ ਦਿਨ ਬਹੁਤ ਹੀ ਨਜਦੀਕ ਹੈ ਜਦੋਂ ਤੁਸੀਂ ਸੰਘਰਸ਼ ਫਤਿਹ ਕਰ ਕੇ ਅਪਣੇ-ਅਪਣੇ ਘਰਾਂ ਨੂੰ ਪਰਤੋਗੇ ਅਤੇ ਅਸੀਂ ਤੁਹਾਡਾ ਪਲਕਾਂ ਵਿਛਾ ਕੇ ਇੰਤਜਾਰ ਵਿਚ ਖੜ੍ਹੇ ਹੋਵਾਂਗੇ। ਵਾਹਿਗੁਰੂ ਜੀ ਸਮੂਹ ਸੰਘਰਸ਼ਕਾਰੀ ਜੋਧਿਆਂ ਦੇ ਅੰਗ ਸੰਗ ਰਹਿਣਾ ਜੀ।image