
ਮਾਹਰਾਂ ਦਾ ਕਹਿਣਾ, ਬਿਊਰੋ ਦੇ ਅੰਕੜੇ ਘੱਟ ਕਿਉਂ ਹਨ?
ਚੰਡੀਗੜ੍ਹ : ਲੰਮੇ ਸਮੇਂ ਤੋਂ ਸਰਕਾਰਾਂ ਦਾਅਵੇ ਕਰਦੀਆਂ ਆ ਰਹੀਆਂ ਹਨ ਕਿ ਉਹ ਕਿਸਾਨ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ ਤੇ ਸਾਰੀਆਂ ਚੋਣਾਂ ਵਿਚ ਕਿਸਾਨੀ ਦਾ ਮੁੱਦਾ ਸੱਭ ਤੋਂ ਪ੍ਰਬਲ ਹੁੰਦਾ ਹੈ। ਕੇਂਦਰ 'ਚ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਕਿਸਾਨੀ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸੇ ਤਰ੍ਹਾਂ ਪੰਜਾਬ 'ਚ ਵੀ ਕਿਸਾਨ ਖ਼ੁਦਕੁਸ਼ੀਆਂ ਦਾ ਅਕਸਰ ਵੱਡਾ ਸਿਆਸੀ ਮੁੱਦਾ ਬਣਿਆ ਰਹਿੰਦਾ ਹੈ।
File Photo
ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2018 ਦੌਰਾਨ ਪੰਜਾਬ ਦੇ 323 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਰਥਕ ਤੰਗੀ ਤੇ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਕੀਤੀਆਂ ਸਨ। ਇਸ ਦਾ ਮਤਲਬ ਹੈ ਕਿ ਪੰਜਾਬ 'ਚ ਔਸਤਨ ਲਗਭਗ ਇਕ ਕਿਸਾਨ ਰੋਜ਼ਾਨਾ ਖ਼ੁਦਕੁਸ਼ੀ ਕਰ ਰਿਹਾ ਹੈ। ਉਂਜ ਮਾਹਰਾਂ ਦਾ ਕਹਿਣਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦਾ ਇਹ ਅੰਕੜਾ ਬਹੁਤ ਹੀ ਘੱਟ ਹੈ। ਉਨ੍ਹਾਂ ਮੁਤਾਬਕ ਪੰਜਾਬ 'ਚ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀਆਂ ਸਨ ਪਰ ਪੁਲਿਸ ਥਾਣਿਆਂ ਤਕ ਬਹੁਤੇ ਮਾਮਲੇ ਤਾਂ ਪੁੱਜਦੇ ਹੀ ਨਹੀਂ ਹਨ। ਮਾਹਰਾਂ ਮੁਤਾਬਕ ਪੰਜਾਬ ਸਰਕਾਰ ਨੇ ਭਾਵੇਂ ਛੋਟੇ ਤੇ ਹਾਸ਼ੀਏ 'ਤੇ ਪੁੱਜੇ ਕਿਸਾਨਾਂ ਲਈ ਕਰਜ਼ਾ-ਮਾਫ਼ੀ ਦੀ ਯੋਜਨਾ ਚਲਾਈ ਸੀ ਪਰ ਉਹ ਕਿਸਾਨਾਂ ਦੇ ਦੁੱਖ ਦੂਰ ਕਰਨ ਤੋਂ ਨਾਕਾਮ ਰਹੀ ਹੈ।
File Photo
ਪੰਜਾਬੀ ਯੂਨੀਵਰਸਟੀ 'ਚ ਸੈਂਟਰ ਫ਼ਾਰ ਡਿਵੈਲਪਮੈਂਟ ਇਕਨੋਮਿਕ ਐਂਡ ਇਨੋਵੇਸ਼ਨ ਸਟੱਡੀਜ਼ ਦੇ ਡਾਇਰੈਕਟਰ ਸ. ਲਖਵਿੰਦਰ ਸਿੰਘ ਗਿੱਲ ਨੇ ਦਸਿਆ ਕਿ ਅਪਣੀਆਂ ਖ਼ੁਦ ਦੀਆਂ ਜ਼ਮੀਨਾਂ ਵਾਹੁਣ ਵਾਲੇ, ਪੱਟੇ 'ਤੇ ਕਾਸ਼ਤਕਾਰੀ ਕਰਨ ਵਾਲੇ ਤੇ ਬੇਜ਼ਮੀਨੇ ਭਾਵ ਸਾਰੇ ਹੀ ਕਿਸਾਨ ਇਸ ਵੇਲੇ ਖ਼ੁਦਕੁਸ਼ੀਆਂ ਕਰ ਰਹੇ ਹਨ। ਐਨਸੀਆਰਬੀ ਦੇ ਅੰਕੜੇ ਬਹੁਤ ਘੱਟ ਹਨ।
File Photo
ਐਨਸੀਆਰਬੀ ਦੀ ਸੂਚੀ ਵਿਚ ਛੇ ਮਹਿਲਾ ਕਿਸਾਨਾਂ ਦੇ ਨਾਂ ਵੀ ਹਨ, ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੰਜਾਬੀ ਯੂਨੀਵਰਸਟੀ 'ਚ ਇਕਨਾਮਿਕਸ ਵਿਭਾਗ ਦੇ ਪ੍ਰੋਫ਼ੈਸਰ ਕੇਸਰ ਸਿੰਘ ਭੰਗੂ, ਜਿਨ੍ਹਾਂ ਨੇ ਉਤਰੀ ਭਾਰਤ 'ਚ ਖ਼ੁਦਕੁਸ਼ੀਆਂ ਬਾਰੇ ਇਕ ਕਿਤਾਬ ਵੀ ਲਿਖੀ ਹੈ, ਦਾ ਵੀ ਇਹੋ ਕਹਿਣਾ ਹੈ ਕਿ ਸਾਲ 2018 ਦੌਰਾਨ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ।
File Photo
ਖੇਤੀਬਾੜੀ ਨਾਲ ਸਬੰਧਤ ਅਰਥ-ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਦੇ ਚਾਂਸਲਰ ਐਸਐਸ ਜੌਹਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਰਜ਼ਾ-ਮਾਫ਼ੀ ਯੋਜਨਾ ਨੇ ਸੂਬੇ ਦੇ ਦੁਖੀ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹੁਣ ਤਕ ਕਿਸਾਨਾਂ ਦੇ 4600 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਹਨ ਤੇ ਹਾਲੇ 1800 ਕਰੋੜ ਰੁਪਏ ਹੋਰ ਕਿਸਾਨਾਂ ਨੂੰ ਦਿਤੇ ਜਾਣੇ ਸਨ। ਕੁੱਲ 6400 ਕਰੋੜ ਰੁਪਏ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣੇ ਹਨ।