
ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਬਾਰੇ ਇਕ ਗ਼ੈਰ ਸਿੱਖ ਰਾਬਿੰਦਰ ਨਾਰਾਇਣਨ ਤੋਂ ਪੁੱਛ ਕੇ ਗੱਲ ਕਰਦੀ ਹੈ ਸ਼੍ਰੋਮਣੀ ਕਮੇਟੀ!
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕਾਂ ਬਾਰੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਜਵਾਬ ਕੀਤੇ ਗਏ।
Gobind Singh Longowal
ਇਸ ਦੌਰਾਨ ਭਾਈ ਲੌਂਗੋਵਾਲ ਇਹ ਕਹਿ ਕੇ ਮੀਡੀਆ ਦੇ ਸਵਾਲਾਂ ਦੇ ਜਵਾਬਾਂ ਤੋਂ ਬਚਦੇ ਨਜ਼ਰ ਆਏ ਕਿ ਉਹ ਇਸ ਸਬੰਧ ਵਿਚ ਪੀਟੀਸੀ ਚੈਨਲ ਦੇ ਪ੍ਰਬੰਧਕ ਰਾਬਿੰਦਰ ਨਾਰਾਇਣਨ ਨਾਲ ਵਿਚਾਰ ਮਸ਼ਵਰਾ ਕਰ ਕੇ ਗੱਲ ਸਪੱਸ਼ਟ ਕਰਨਗੇ।
SGPC
ਦੱਸਣਯੋਗ ਹੈ ਕਿ ਰਾਬਿੰਦਰ ਨਾਰਾਇਣ ਦੇ ਨਾਂ ਉਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦਾ ਕਰਾਰ ਸਹੀਬੰਦ ਕੀਤਾ ਗਿਆ ਹੋਣ ਦੀ ਚਰਚਾ ਹੈ। ਹੈਰਾਨੀ ਦੀ ਗੱਲ ਹੈ ਕਿ ਰਾਬਿੰਦਰ ਨਾਰਾਇਣਨ ਨਾ ਸਿਰਫ਼ ਗ਼ੈਰ ਸਿੱਖ ਹਨ ਬਲਕਿ ਗ਼ੈਰ ਪੰਜਾਬੀ ਇਕ ਬੰਗਾਲੀ ਮੀਡੀਆ ਪ੍ਰੋਫ਼ੈਸ਼ਨਲ ਹਨ।
DARBAR SAHIB
ਬਰਤਾਨਵੀ ਸਰਕਾਰ ਵਲੋਂ ਵਿਸ਼ੇਸ਼ ਕਾਨੂੰਨ ਬਣਾ ਕੇ ਕਰੀਬ ਸੌ ਸਾਲ ਪਹਿਲਾਂ ਹੋਂਦ ਵਿਚ ਲਿਆਂਦੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਹੀ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੱਖਾਂ ਨੂੰ ਹੈ। ਸਹਿਜਧਾਰੀ ਸਿੱਖਾਂ ਨੂੰ ਬਕਾਇਦਾ ਤੌਰ ਤੇ ਉੱਤੇ ਕਾਨੂੰਨੀ ਰਸਤੇ ਨਾਲ ਇਸ ਤੋਂ ਬਾਹਰ ਕੀਤਾ ਹੋਇਆ ਹੈ ਇਹ ਇੱਕ ਵੱਖਰੀ ਕਾਨੂੰਨੀ ਲੜਾਈ ਦਾ ਵਿਸ਼ਾ ਹੈ।
SGPC
ਪਰ ਹੈਰਾਨੀ ਦੀ ਗੱਲ ਹੈ ਕਿ ਦਰਬਾਰ ਸਾਹਿਬ ਜਿਹੇ ਸਿੱਖਾਂ ਦੀ ਸਰਵ ਉੱਚ ਧਾਰਮਿਕ ਅਸਥਾਨ ਤੋਂ ਮਹਾਨ ਅਤੇ ਪਵਿੱਤਰ ਗੁਰਬਾਣੀ ਕੀਰਤਨ ਅਤੇ ਹੁਕਮਨਾਮੇ ਦੇ ਟੀਵੀ ਪ੍ਰਸਾਰਣ ਦੇ ਹੱਕ ਇੱਕ ਗੈਰ ਸਿੱਖ, ਗ਼ੈਰ ਪੰਜਾਬੀ ਅਤੇ ਪਤਿਤ ਨੂੰ ਕਿਵੇਂ ਦਿੱਤੇ ਜਾ ਸਕਦੇ ਹਨ. ਕਮਾਲ ਦੀ ਗੱਲ ਤਾਂ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੁਦ ਇਸ ਸਬੰਧ ਵਿੱਚ ਸਥਿਤੀ ਇਸ ਵਿਅਕਤੀ ਨੂੰ ਹੀ ਪੁੱਛ ਕੇ ਸਪੱਸ਼ਟ ਕਰਨ ਦੀ ਗੱਲ ਕਹਿ ਕੇ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਬੇਵੱਸ ਹਨ.