
ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਦੀ ਸ਼ਿਕਾਇਤ ‘ਤੇ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਣੀਪੁਰ ਰਾਜਪੂਤਾਂ ਖਿਲਾਫ ਮਾਮਲਾ ਦਰਜ
ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਦੀ ਸ਼ਿਕਾਇਤ ‘ਤੇ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਣੀਪੁਰ ਰਾਜਪੂਤਾਂ ਖਿਲਾਫ਼ ਸਡਿਊਲ ਕਾਸਟ ਐਂਡ ਸਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸੀਟੀ ਐਕਟ 2015 ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
NCSC
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਕਾਸ਼ ਸਿੰਘ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਹੈ, ਨੇ ਕਮਿਸ਼ਨ ਕੋਲ ਫਰਵਰੀ, 2018 ਵਿਚ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਬਤੌਰ ਸਰਪੰਚ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਵਿਚ ਵਿਚਰਦਾ ਸੀ ਤਾਂ ਉਕਤ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਲੋਂ ਹਰ ਵਾਰ ਉਸ ਨੂੰ ਜਾਤੀ ਸੂਚਕ ਗੱਲਾਂ ਬੋਲੀਆਂ ਜਾਂਦੀਆਂ ਸਨ।
Punjab Police
ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਅਤੇ ਬਿਊਰੋ ਆਫ ਇੰਵੈਸਟੀਗੇਸ਼ਨ ਤੋਂ ਕਰਵਾਈ ਗਈ ਸੀ ਪਰੰਤੂ ਇਹਨਾਂ ਵਲੋਂ ਇਸ ਮਾਮਲੇ ਵਿਚ ਕੇਸ ਨਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਸੀ। ਜਿਸ ਦੀ ਪ੍ਰੋੜਤਾ ਡੀ.ਏ. ਲੀਗਲ ਵਲੋਂ ਵੀ ਕੀਤੀ ਗਈ ਸੀ।
ਤੇਜਿੰਦਰ ਕੌਰ ਨੇ ਦੱਸਿਆ ਕਿ ਕਮਿਸ਼ਨ ਵਲੋਂ ਫਿਰ ਇਸ ਮਾਮਲੇ ਦੀ ਜਾਂਚ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਨੂੰ ਦਿੱਤੀ ਗਈ ਜਿਹਨਾਂ ਵਲੋਂ ਸਾਰੇ ਤੱਥਾਂ ਦੀ ਬਹੁਤ ਡੁੰਘਾਈ ਤੋਂ ਘੋਖ ਕਰਨ ਉਪਰੰਤ ਸਬੰਧਤ ਜਿਲ੍ਹਾ ਪੁਲਿਸ ਨੂੰ ਇਸ ਮਾਮਲੇ ਵਿਚ ਸਡਿਊਲ ਕਾਸਟ ਐਂਡ ਸ਼ਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸੀਟੀ ਐਕਟ 2015 ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਸੀ ਜਿਸ ‘ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।