
ਹੋਲੇ-ਮਹੱਲੇ ਦੀ ਤਿਆਰੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਸੜਕਾਂ, ਲਾਈਟਾਂ ਪਖਾਨਿਆਂ ਆਦਿ ਦੀ ਸਾਫ਼-ਸਫ਼ਾਈ ਤੋਂ ਇਲਾਵਾ ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਵੀ ਅਪੀਲ ਕੀਤੀ ਹੈ।
ਸ੍ਰੀ ਅਨੰਦਪੁਰ ਸਾਹਿਬ - ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ਤੇ ਬਣੇ ਅਸਥਘਾਟ ਵਿਚ ਡਿੱਗਦੇ ਸ਼ਹਿਰ ਦੇ ਗੰਦੇ ਪਾਣੀ ਬਾਰੇ ਬੋਲਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਸਬੰਧੀ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਅਸਥਾਨ ਸਿੱਖਾਂ ਦੇ ਨਹੀਂ ਬਲਕਿ ਸਮੁੱਚੀ ਮਾਨਵਤਾ ਦੇ ਸਤਿਕਾਰਯੋਗ ਅਸਥਾਨ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੀਰਤਪੁਰ ਸਾਹਿਬ ਦੇ ਘਰਾਂ ਦਾ ਗੰਦਾ ਪਾਣੀ ਆ ਕੇ ਸਤਲੁਜ ਦਰਿਆ ਵਿਚ ਡਿੱਗਦਾ ਹੈ ਜੋ ਅੱਗੇ ਜਾ ਕੇ ਅਸਥਘਾਟ ਵਿਚ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਰੋਜ਼ਾਨਾ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਦੇ ਜਲ ਪ੍ਰਵਾਹ ਕਰਨ ਆਉਂਦੀਆਂ ਹਨ ਅਤੇ ਸੰਗਤਾਂ ਸ਼ਰਧਾ ਸਤਿਕਾਰ ਸਹਿਤ ਅਸਥਘਾਟ ਵਿਚੋਂ ਪਾਣੀ ਬੋਤਲਾਂ ਵਿਚ ਭਰ ਕੇ ਆਪਣੇ ਘਰ ਵੀ ਲੈ ਕੇ ਜਾਂਦੀਆਂ ਹਨ। ਇਸ ਤੋਂ ਇਲਾਵਾ ਲੋਕ ਉਥੇ ਇਸ਼ਨਾਨ ਕਰਦੇ ਹਨ ਅਤੇ ਚੂਲੀ ਭਰ ਕੇ ਪਾਣੀ ਵੀ ਪੀਂਦੇ ਹਨ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਸੀ ਤਾਂ ਉਨ੍ਹਾਂ ਵੱਲੋਂ ਲਿਖਤੀ ਤੌਰ 'ਤੇ ਉਹਨਾਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਬਣੇ ਅਸਥਘਾਟ ਦੀ ਮਰਿਆਦਾ ਅਤੇ ਉਸ ਵਿਚ ਡਿਗਦੇ ਗੰਦੇ ਪਾਣੀ ਨੂੰ ਰੋਕਣ ਲਈ ਕਿਹਾ ਗਿਆ ਸੀ ਪਰ ਹੁਣ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।
ਇਸ ਤੋਂ ਇਲਾਵਾ ਸਿੰਘ ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਜੋ ਨੱਕੀਆਂ ਸਾਈਫ਼ਨ ਤੋਂ ਪਾਣੀ ਦਰਿਆ ਵਿਚ ਛੱਡਿਆ ਗਿਆ ਹੈ, ਉਸ ਦੀ ਮਾਤਰਾ ਵੀ ਵਧਾਈ ਜਾਵੇ ਕਿਉਂਕਿ ਜੋ ਪਾਣੀ ਨੱਕੀਆਂ ਸਾਈਫਨ ਤੋਂ ਛੱਡਿਆ ਗਿਆ ਹੈ, ਉਹ ਬਹੁਤ ਘੱਟ ਹੈ ਉਸ ਨਾਲ ਅਸਥੀਆਂ ਇੱਕ ਥਾਂ 'ਤੇ ਹੀ ਖੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਪਾਣੀ ਦੀ ਮਾਤਰਾ 700 ਕਿਊਸਿਕ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹੋਲੇ-ਮਹੱਲੇ ਦੀ ਤਿਆਰੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਸੜਕਾਂ, ਲਾਈਟਾਂ ਪਖਾਨਿਆਂ ਆਦਿ ਦੀ ਸਾਫ਼-ਸਫ਼ਾਈ ਤੋਂ ਇਲਾਵਾ ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਵੀ ਅਪੀਲ ਕੀਤੀ ਹੈ।