
ਖੇਤਰੀ ਟਰਾਂਸਪੋਰਟ ਅਥਾਰਟੀਜ਼ ਨੇ 8 ਫਰਵਰੀ ਤੋਂ ਪੁਰਾਣੀ ਸਮਾਂ-ਸਾਰਣੀ ਲਾਗੂ ਕਰ ਦਿੱਤੀ ਹੈ, ਜਿਸ ਨਾਲ ਕਥਿਤ ਤੌਰ 'ਤੇ ਪ੍ਰਾਈਵੇਟ ਆਪਰੇਟਰਾਂ ਦਾ ਪੱਖ ਪੂਰਿਆ ਜਾ ਰਿਹਾ ਹੈ।
ਚੰਡੀਗੜ੍ਹ: ਸੂਬੇ ਦੀ ਮਲਕੀਅਤ ਵਾਲੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਅਤੇ ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਦਰਅਸਲ ਕਈ ਖੇਤਰੀ ਟਰਾਂਸਪੋਰਟ ਅਥਾਰਟੀਜ਼ ਨੇ 8 ਫਰਵਰੀ ਤੋਂ ਪੁਰਾਣੀ ਸਮਾਂ-ਸਾਰਣੀ ਲਾਗੂ ਕਰ ਦਿੱਤੀ, ਜਿਸ ਨਾਲ ਕਥਿਤ ਤੌਰ 'ਤੇ ਪ੍ਰਾਈਵੇਟ ਬੱਸ ਆਪਰੇਟਰਾਂ ਦਾ ਪੱਖ ਪੂਰਿਆ ਜਾ ਰਿਹਾ ਹੈ। 23 ਦਸੰਬਰ 2021 ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੁਰਾਣੇ ਹੁਕਮਾਂ ਨੂੰ ਰੱਦ ਕਰਕੇ ਨਵਾਂ ਰੋਸਟਰ ਲਾਗੂ ਕਰ ਦਿੱਤਾ ਸੀ, ਜਿਸ ਨਾਲ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਸੁੱਖ ਦਾ ਸਾਹ ਆਇਆ ਸੀ।
ਹਾਲਾਂਕਿ ਪਟਿਆਲਾ ਆਰਟੀਏ ਤੋਂ ਨਮਨ ਮਾਰਕਨ ਦਾ ਕਹਿਣਾ ਹੈ ਕਿ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਲੋਕ ਹਿੱਤ ਵਿਚ 8 ਫਰਵਰੀ ਨੂੰ ਜਾਰੀ ਕੀਤੇ ਗਏ ਹੁਕਮਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਰੱਖਿਆ ਗਿਆ ਹੈ। ਉਧਰ ਯੂਨੀਅਨ ਆਗੂ ਸੰਦੀਪ ਗਰੇਵਾਲ ਦਾ ਕਹਿਣਾ ਹੈ ਕਿ ਜ਼ਿਆਦਾ ਸਿਆਸੀ ਪ੍ਰਭਾਵ ਵਾਲੇ ਪਰਿਵਾਰ ਨੇ ਵੱਖ-ਵੱਖ ਬੱਸ ਸਟੈਂਡਾਂ 'ਤੇ ਆਪਣੇ ਆਦਮੀ ਤਾਇਨਾਤ ਕੀਤੇ ਹਨ ਜੋ ਇਹ ਯਕੀਨੀ ਬਣਾਉਣਗੇ ਕਿ ਉਹਨਾਂ ਦੀਆਂ ਬੱਸਾਂ ਪੁਰਾਣੀ ਸਮਾਂ ਸਾਰਣੀ ਅਨੁਸਾਰ ਚੱਲਣ।
ਜਨਰਲ ਮੈਨੇਜਰਾਂ (ਜੀਐਮ) ਸਮੇਤ ਪੀਆਰਟੀਸੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਦਸੰਬਰ ਵਿੱਚ ਲਾਗੂ ਕੀਤਾ ਗਿਆ ਫਾਰਮੈਟ ਕਾਫੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੀਆਰਟੀਸੀ ਨੇ ਪਟਿਆਲਾ ਆਰਟੀਏ ਨੂੰ ਪੱਤਰ ਲਿਖ ਕੇ ਕਿਹਾ ਕਿ ਹਾਈ ਕੋਰਟ ਵੱਲੋਂ ਕਈ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ, ਉਹਨਾਂ ਨੂੰ ਸਮਾਂ ਸਾਰਣੀ ਵਿਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ। ਪੀਆਰਟੀਸੀ ਦੇ ਇਕ ਸੀਨੀਅਰ ਜੀਐਮ ਨੇ ਕਿਹਾ, “ਪੁਰਾਣੀ ਸਮਾਂ ਸਾਰਣੀ ਸਿਰਫ ਪ੍ਰਾਈਵੇਟ ਅਪਰੇਟਰਾਂ ਦੇ ਪੱਖ ਵਿਚ ਹੈ। ਪ੍ਰਾਈਵੇਟ ਬੱਸਾਂ ਨੂੰ ਪੀਆਰਟੀਸੀ ਬੱਸਾਂ ਦੇ ਮੁਕਾਬਲੇ ਬੱਸ ਟਰਮੀਨਲਾਂ 'ਤੇ ਤਿੰਨ ਗੁਣਾ ਵਾਧੂ ਕਾਊਂਟਰ ਟਾਈਮ ਮਿਲੇਗਾ”।
ਤਾਜ਼ਾ ਹੁਕਮਾਂ ਤੋਂ ਬਾਅਦ ਪੀਆਰਟੀਸੀ ਸਟਾਫ਼ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਰੋਸ ਮਾਰਚ ਕੱਢਿਆ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਹੋਰ ਜ਼ਿਲ੍ਹਿਆਂ ਵਿਚ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸਬੰਧਤ ਆਰਟੀਏ ਵੀ ਹੁਕਮ ਵਾਪਸ ਲੈਣ। ਬਠਿੰਡਾ ਵਿਚ ਧਰਨਾਕਾਰੀ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਖੜ੍ਹੀਆਂ ਕਰਕੇ ਸਿਟੀ ਬੱਸ ਸਟੈਂਡ ਦੇ ਬਾਹਰ ਸੜਕ ਜਾਮ ਕਰ ਦਿੱਤੀ, ਜਿਸ ਕਾਰਨ ਭਾਰੀ ਜਾਮ ਲੱਗ ਗਿਆ। ਅੰਦੋਲਨਕਾਰੀਆਂ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਨਿੱਜੀ ਅਪਰੇਟਰਾਂ ਨਾਲ ਮਿਲੀਭੁਗਤ ਦੇ ਦੋਸ਼ ਲਾਏ।
ਯੂਨੀਅਨ ਦੇ ਆਗੂ ਸੰਦੀਪ ਗਰੇਵਾਲ ਨੇ ਕਿਹਾ, “ਕਾਫ਼ੀ ਸਿਆਸੀ ਪ੍ਰਭਾਵ ਵਾਲੇ ਇਕ ਪਰਿਵਾਰ ਨੇ ਵੱਖ-ਵੱਖ ਬੱਸ ਅੱਡਿਆਂ ‘ਤੇ ਆਪਣੇ ਬੰਦੇ ਤਾਇਨਾਤ ਕਰ ਦਿੱਤੇ ਹਨ, ਜੋ ਬੱਸਾਂ ਨੂੰ ਪੁਰਾਣੇ ਟਾਈਮ ਟੇਬਲ ਅਨੁਸਾਰ ਚਲਾਉਣਾ ਯਕੀਨੀ ਬਣਾਉਂਦੇ ਹਨ ਅਤੇ ਜੇਕਰ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ ਤਾਂ ਉਹ ਗੁੰਡਾਗਰਦੀ ਕਰਦੇ ਹਨ। ਇਸ ਲਈ ਸਾਡੇ ਕੋਲ ਅੰਦੋਲਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ। ਟਰਾਂਸਪੋਰਟ ਮੰਤਰੀ ਨੇ ਨਵੀਂ ਸਮਾਂ ਸਾਰਣੀ ਪੇਸ਼ ਕੀਤੀ ਸੀ, ਜਿਸ ਦਾ ਉਦੇਸ਼ ਕੁਝ ਨਿੱਜੀ ਬੱਸ ਅਪਰੇਟਰਾਂ ਦੇ ਏਕਾਅਧਿਕਾਰ ਨੂੰ ਖਤਮ ਕਰਨਾ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪ੍ਰਾਈਵੇਟ ਅਪਰੇਟਰਾਂ ਨੇ ਮੁੜ ਪੁਰਾਣੀ ਸਮਾਂ ਸਾਰਣੀ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।"