
ਲਿਖਿਆ- ਸ਼ਿਕਾਇਤ ਦੇਣ 'ਤੇ ਰੇਲਵੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਰੋਜ਼ਾਨਾ ਹੁੰਦਾ ਹੈ
ਲੁਧਿਆਣਾ : ਲੁਧਿਆਣਾ 'ਚ ਰੇਲ ਗੱਡੀਆਂ 'ਤੇ ਪਥਰਾਅ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜੇਕਰ ਕੋਈ ਯਾਤਰੀ ਸ਼ਿਕਾਇਤ ਕਰਦਾ ਹੈ ਤਾਂ ਲੁਧਿਆਣਾ ਸਟੇਸ਼ਨ ਦੇ ਅਧਿਕਾਰੀ ਮੁਸਾਫ਼ਿਰਾਂ ਨੂੰ ਉਲਟਾ ਜਵਾਬ ਦੇ ਰਹੇ ਹਨ। ਜਿਸ ਕਾਰਨ ਪ੍ਰੇਸ਼ਾਨ ਇਕ ਯਾਤਰੀ ਨੇ ਅੱਜ ਟਵੀਟ ਕੀਤਾ।
ਯਾਤਰੀ ਪ੍ਰਿੰਸ ਨੇ ਲਿਖਿਆ ਕਿ ਟਰੇਨ ਦੇ ਬਾਹਰ ਤੋਂ ਪੱਥਰਬਾਜ਼ੀ ਹੋਈ। ਇਸ ਦੀ ਸ਼ਿਕਾਇਤ ਜਦੋਂ ਲੁਧਿਆਣਾ ਦੇ ਰੇਲਵੇ ਅਧਿਕਾਰੀਆਂ ਨੂੰ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਹਰ ਰੋਜ਼ ਹੁੰਦਾ ਹੈ। ਪ੍ਰਿੰਸ ਨੇ ਲਿਖਿਆ ਕਿ ਇਸ ਜਵਾਬ ਦਾ ਕੀ ਮਤਲਬ ਸੀ, ਜੇਕਰ ਪਥਰਾਅ ਕਾਰਨ ਕੋਈ ਗੰਭੀਰ ਜ਼ਖਮੀ ਹੋ ਗਿਆ ਤਾਂ ਕੀ ਰੇਲਵੇ ਅਧਿਕਾਰੀ ਫਿਰ ਵੀ ਇਹੀ ਜਵਾਬ ਦੇਣਗੇ?
ਇਹ ਵੀ ਪੜ੍ਹੋ : ਬਠਿੰਡਾ ਵਿਖੇ ਬੇਕਾਬੂ ਹੋ ਕੇ ਪਲਟੀ ਯਾਤਰੀਆਂ ਨਾਲ ਭਰੀ PRTC ਦੀ ਬੱਸ
ਪ੍ਰਿੰਸ ਨੇ ਦੱਸਿਆ ਕਿ ਇਹ ਪੱਥਰ ਲਾਡੋਵਾਲ ਸਟੇਸ਼ਨ ਅੱਗੇ ਮਾਰੇ ਗਏ ਸਨ। ਪੱਥਰ ਇੰਨੀ ਤੇਜ਼ ਸੀ ਕਿ ਟਰੇਨ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਸ਼ੁਕਰ ਇਹ ਰਿਹਾ ਕਿ ਉਸ ਸੀਟ 'ਤੇ ਕੋਈ ਵੀ ਯਾਤਰੀ ਨਹੀਂ ਬੈਠਾ ਸੀ, ਨਹੀਂ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਪ੍ਰਿੰਸ ਨੇ ਦੱਸਿਆ ਕਿ ਜੇਕਰ ਅਧਿਕਾਰੀ ਸ਼ਿਕਾਇਤਕਰਤਾ ਨਾਲ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਗੱਲ ਕਰਦੇ ਹਨ ਤਾਂ ਰੇਲਵੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਕਿਵੇਂ ਦੇ ਸਕਦਾ ਹੈ।
ਯਾਤਰੀ ਪ੍ਰਿੰਸ ਨੇ ਦੱਸਿਆ ਕਿ ਉਹ ਸਰਬੱਤ ਦਾ ਭਲਾ ਰੇਲ ਗੱਡੀ ਰਾਹੀਂ ਦਿੱਲੀ ਤੋਂ ਜਲੰਧਰ ਜਾ ਰਿਹਾ ਸੀ। ਰਾਤ 1 ਵਜੇ ਦੇ ਕਰੀਬ ਲਾਡੋਵਾਲ ਨੇੜੇ ਇਕ ਪੱਥਰ ਗੋਲੀ ਦੀ ਰਫਤਾਰ ਨਾਲ ਆਇਆ ਅਤੇ ਸ਼ੀਸ਼ੇ ਨਾਲ ਵੱਜਿਆ। ਰੇਲਵੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾਵਾਂ ਨੂੰ ਗੈਰ-ਜ਼ਿੰਮੇਵਾਰਾਨਾ ਜਵਾਬ ਦੇਣ ਵਾਲੇ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
2 ਦਿਨ ਪਹਿਲਾਂ ਵੀ ਪੈਸੰਜਰ ਟਰੇਨ 'ਤੇ ਪਥਰਾਅ ਹੋਇਆ ਸੀ। ਇਸ ਪੱਥਰਬਾਜ਼ੀ ਵਿੱਚ 8 ਸਾਲ ਦੇ ਮਾਸੂਮ ਬੱਚੇ ਦਾ ਸਿਰ ਪਾਟ ਗਿਆ। ਬੱਚਾ ਅਜੇ ਵੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੱਚਾ ਧਰੁਵ ਆਪਣੇ ਚਾਚੇ ਨਾਲ ਯਮੁਨਾਨਗਰ ਤੋਂ ਫ਼ਿਰੋਜ਼ਪੁਰ ਜਾ ਰਿਹਾ ਸੀ। ਇਸ ਮਾਮਲੇ ਵਿੱਚ ਲੁਧਿਆਣਾ ਆਰ.ਪੀ.ਐਫ ਨੇ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।