
ਬਲਾਕ ਸੁਧਾਰ ਦੇ ਸੀਨੀਅਰ ਪਲਾਂਟ ਡਾਕਟਰ ਤੇ ਬਲਾਕ ਖੇਤੀਬਾੜੀ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਤੋਂ ਬਚਣ
ਰਾਏਕੋਟ (ਜਸਵੰਤ ਸਿੰਘ ਸਿੱਧੂ): ਬਲਾਕ ਸੁਧਾਰ ਦੇ ਸੀਨੀਅਰ ਪਲਾਂਟ ਡਾਕਟਰ ਤੇ ਬਲਾਕ ਖੇਤੀਬਾੜੀ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਸਿਹਤ ਵਿਭਾਗ ਅਤੇ ਸਰਕਾਰ ਵਲੋਂ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਦਿਤੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਅਪਣੇ ਘਰ ਰਹਿ ਕੇ ਪਾਲਣਾ ਕਰਨਾ ਅਤਿ ਜ਼ਰੂਰੀ ਹੈ। ਪਰ ਕਿਸੇ ਸਮੇਂ ਕੋਰੋਨਾ ਕਰ ਕੇ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਪਰਵਾਰ ਵਲੋਂ ਸਮਾਜਕ ਕਦਰਾਂ ਕੀਮਤਾਂ ਅਤੇ ਜਿੰਮੇਵਾਰੀਆਂ ਤੋਂ ਕਿਨਾਰਾ ਕਰਨਾ ਬਹੁਤ ਮਾੜੀ ਗੱਲ ਹੈ।
ਅਜਿਹੇ ਸਮੇਂ ਵਿਚ ਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲੇ ਸੁਤੰਤਰਤਾ ਸੰਗਰਾਮੀ ਸੰਤ ਬਾਬਾ ਕ੍ਰਿਪਾਲ ਸਿੰਘ ਰੋਡੇ ਦੇ ਪੜਪੋਤੇ ਤੇ ਆਜ਼ਾਦੀ ਘੁਲਾਟੀਏ ਬਾਬਾ ਬਲਵੰਤ ਸਿੰਘ ਦੇ ਪੋਤਰੇ ਦੂਰਅੰਦੇਸ਼ੀ ਸੋਚ ਵਾਲੇ ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਕਿਹਾ ਕਿ ਗੁਰੂ ਸਾਹਿਬਾਨ ਨੇ 'ਸਰਬੱਤ ਦੇ ਭਲੇ' ਦੀ ਵਡਮੁੱਲੀ ਸੋਚ ਦਿੰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਅਤੇ ਵਿਤਕਰਿਆਂ ਵਿਰੁਧ ਦ੍ਰਿੜਤਾ ਨਾਲ ਆਵਾਜ਼ ਉਠਾਉਣ, ਮਜ਼ਲੂਮਾਂ, ਬੇਸਹਾਰਿਆਂ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਾਇਤਾ ਕਰਨ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਦਾ ਸੰਦੇਸ਼ ਦਿਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿਆਪੀ ਕਰੋਨਾ ਕਹਿਰ ਤੋਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।
File photo
ਕੋਰੋਨਾ ਨਾਲ ਮੌਤ ਹੋ ਜਾਣ 'ਤੇ ਅੰਤਮ ਸਸਕਾਰ ਤੋਂ ਵਾਰਸਾਂ ਵਲੋਂ ਕਿਨਾਰਾ ਕਰਨਾ ਸਮਾਜ ਤੇ ਪ੍ਰੰਪਰਾ ਨੂੰ ਸੱਟ ਵੱਜੀ ਹੈ। ਕੇਂਦਰ ਤੇ ਰਾਜ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨਾ, ਮਨੁੱਖਤਾ ਦੀ ਰੱਖਿਆ ਲਈ ਫ਼ਰਜ਼ ਹੈ ਪਰ ਸਾਡੀਆਂ ਅਹਿਮ ਪਰਵਾਰਕ ਜਿੰਮੇਵਾਰੀਆਂ ਤੋਂ ਭੱਜਣਾ ਵੀ ਬੁਜ਼ਦਿਲੀ ਹੈ।
ਉਨ੍ਹਾਂ ਕਿਹਾ ਕਿ ਜੇ ਇਸ ਬੀਮਾਰੀ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਅਤੇ ਪਰਵਾਰ ਸਸਕਾਰ ਲਈ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਇਸ ਨਿਸ਼ਕਾਮ ਸੇਵਾ ਉਹ ਅੱਗੇ ਲੱਗ ਕੇ ਸਸਕਾਰ ਕਰਵਾਉਣਗੇ। ਉਨ੍ਹਾਂ ਦੀ ਤਾਇਨਾਤੀ ਬਤੌਰ ਬਲਾਕ ਖੇਤੀਬਾੜੀ ਅਫ਼ਸਰ ਸੁਧਾਰ (ਲੁਧਿਆਣਾ) ਵਿਖੇ ਹੈ ਅਤੇ ਇਸ ਬਲਾਕ ਦੇ 52 ਪਿੰਡਾਂ ਵਿਚ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਅਤੇ ਪਰਵਾਰਕ ਮੈਂਬਰ ਸਸਕਾਰ ਲਈ ਮ੍ਰਿਤਕ ਦੇਹ ਨਹੀਂ ਲੈਂਦੇ ਤਾਂ ਉਹ ਬਲਾਕ ਅਧਿਕਾਰੀਆਂ ਨਾਲ ਅੱਗੇ ਲੱਗ ਕੇ ਗੁਰ ਮਰਿਆਦਾ ਅਨੁਸਾਰ ਉਸ ਦਾ ਅੰਤਮ ਸਸਕਾਰ ਕਰਨਗੇ।
ਇਸ ਮੌਕੇ ਉਨ੍ਹਾਂ ਸਮੂਹ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਜਿਥੇ ਅਪਣੀ ਹਾੜੀ ਦੀਆਂ ਫ਼ਸਲਾਂ ਦੀ ਕਟਾਈ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਪ੍ਰਬੰਧਨ ਕਰਨੇ ਹਨ, ਉਥੇ ਪ੍ਰਮਾਤਮਾ ਦਾ ਨਾਮ ਲੈਣਾ ਵੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਅਪਣੀ ਖੇਤੀ ਦੇ ਸੰਦਰਭ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਤੁਰੰਤ ਨੇੜਲੇ ਖੇਤੀ ਅਧਿਕਾਰੀ ਜਾਂ ਬਲਾਕ ਖੇਤੀਬਾੜੀ ਅਫ਼ਸਰ ਸੁਧਾਰ ਨਾਲ ਤਾਲਮੇਲ ਕਰ ਕੇ ਅਪਣੀ ਮੁਸ਼ਕਲ ਦਾ ਹੱਲ ਕਰ ਸਕਦੇ ਹਨ।