
ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਭੂਤ ਸੰਸਦ ਮੈਂਬਰ ਅਤੇ ਅਸਲੀ ਸੰਸਦ 'ਚ ਫਰਕ ਪਤਾ ਲੱਗ ਜਾਵੇਗਾ
Ludhiana News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਹਰ ਗਰੀਬ ਪਰਿਵਾਰ ਨੂੰ ਹਰ ਸਾਲ 1 ਲੱਖ ਰੁਪਏ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ।
ਇੱਥੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਵਿਆਪਕ ਚੋਣ ਪ੍ਰਚਾਰ ਦੌਰਾਨ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਤੇ ਲੋਕਾਂ ਨਾਲ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਸਾਸ਼ਨ ਦੌਰਾਨ ਕਰੀਬ 20 ਕਰੋੜ ਲੋਕ ਫਿਰ ਤੋਂ ਗਰੀਬੀ ਰੇਖਾ ਤੋਂ ਹੇਠਾਂ ਖਿਸਕ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਅਜਿਹੀ ਕ੍ਰਾਂਤੀਕਾਰੀ ਗਾਰੰਟੀ ਦਾ ਪ੍ਰਸਤਾਵ ਰੱਖਿਆ ਹੈ, ਜੋ ਦੁਨੀਆਂ ਦੀ ਕਿਸੇ ਵੀ ਸਰਕਾਰ ਨੇ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇਸ਼ ਭਰ ਦੇ ਸਾਰੇ ਗਰੀਬ ਪਰਿਵਾਰਾਂ ਦੀ ਪਛਾਣ ਕਰੇਗੀ। ਹਰ ਗਰੀਬ ਪਰਿਵਾਰ ਦੀ ਬਜ਼ੁਰਗ ਔਰਤ ਨੂੰ ਹਰ ਮਹੀਨੇ 8500 ਰੁਪਏ ਸਿੱਧੇ ਉਸ ਦੇ ਖਾਤੇ 'ਚ ਮਿਲਣਗੇ।
ਇਸ ਦੌਰਾਨ ਇਹ ਪੁੱਛੇ ਜਾਣ 'ਤੇ ਕਿ ਕੀ ਅਜਿਹੇ ਕਦਮ ਨਾਲ ਆਰਥਿਕਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਦੇ ਜਵਾਬ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੈਸਾ ਪ੍ਰਾਪਤ ਕਰਨ ਵਾਲਾ ਹਰ ਗਰੀਬ ਪਰਿਵਾਰ ਇਸਨੂੰ ਖਰਚ ਕਰੇਗਾ, ਜਿਸ ਨਾਲ ਸਮਾਨ ਦੀ ਮੰਗ ਵਧੇਗੀ। ਇਨ੍ਹਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਵੇਗਾ ਅਤੇ ਇਸ ਪ੍ਰਕਿਰਿਆ ਵਿੱਚ ਰੁਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਆਰਥਿਕਤਾ ਦੇ ਉਲਟ ਇੱਕ ਪੂਰਾ ਆਰਥਿਕ ਚੱਕਰ ਬਣਾਏਗਾ, ਜਿੱਥੇ ਦੌਲਤ ਅਤੇ ਵਸੀਲੇ ਸਿਰਫ਼ ਮੁੱਠੀ ਭਰ ਅਰਬਪਤੀਆਂ ਵਿੱਚ ਵੰਡੇ ਗਏ ਸਨ।
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਉੱਪਰ ਸਿਰਫ 'ਭੂਤ ਸੰਸਦ ਮੈਂਬਰ' ਸਾਬਤ ਹੋਣ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਵੜਿੰਗ ਨੇ ਕਿਹਾ ਕਿ ਲੁਧਿਆਣਾ ਦੇ ਲੋਕ 4 ਜੂਨ ਤੋਂ ਬਾਅਦ ਜਲਦੀ ਹੀ ਇੱਕ ਭੂਤ ਸੰਸਦ ਮੈਂਬਰ ਅਤੇ ਅਸਲੀ ਸਾਂਸਦ ਵਿੱਚ ਫਰਕ ਜਾਣ ਜਾਣਗੇ। ਉਨ੍ਹਾਂ ਕਿਹਾ ਕਿ ਬਿੱਟੂ ਲਈ ਜਿੱਤ ਜਾਂ ਹਾਰ ਕੋਈ ਮਾਇਨੇ ਨਹੀਂ ਰੱਖਦੀ, ਕਿਉਂਕਿ ਉਹ ਚੋਣ ਪ੍ਰਚਾਰ ਖਤਮ ਹੋਣ ਵਾਲੇ ਦਿਨ ਹੀ ਗਾਇਬ ਹੋ ਜਾਂਦੇ ਹਨI "ਉਹ ਹਮੇਸ਼ਾ ਇੱਕ ਚੋਣ ਸੈਲਾਨੀ ਰਹੇ ਹਨ", ਉਨ੍ਹਾਂ ਨੇ ਟਿੱਪਣੀ ਕਰਦਿਆਂ ਨਾਲ ਹੀ ਕਿਹਾ, "ਇੱਕ ਵਾਰ ਚੋਣ ਮੁਹਿੰਮ ਖਤਮ ਹੋ ਗਈ ਅਤੇ ਚੋਣ ਸੀਜ਼ਨ ਖਤਮ ਹੋ ਗਿਆ, ਬਿੱਟੂ ਅਲੋਪ ਹੋ ਜਾਣਗੇ ਅਤੇ ਇਸ ਵਾਰ ਉਹ ਹਮੇਸ਼ਾ ਲਈ ਗਾਇਬ ਹੋ ਜਾਣਗੇ, ਫਿਰ ਕਦੇ ਵਾਪਸ ਨਹੀਂ ਆਉਣਗੇ, ਕਿਉਂਕਿ ਲੁਧਿਆਣਾ ਦੇ ਲੋਕ ਉਨ੍ਹਾਂ ਨੂੰ ਸਨਮਾਨਜਨਕ ਵਿਦਾਇਗੀ ਦੇਣਗੇI”