
ਕੈਂਸਰ ਦੇ ਸੱਭ ਤੋਂ ਵੱਧ ਮਰੀਜ਼ਾਂ ਵਾਲਾ ਪੰਜਾਬ ਬਣਿਆ ਕੈਂਸਰ ਦੀ ਰਾਜਧਾਨੀ
ਸੰਗਰੂਰ, 11 ਜੂਨ (ਬਲਵਿੰਦਰ ਸਿੰਘ ਭੁੱਲਰ) : ਦੁਨੀਆਂ ਵਿਚ ਇਸ ਸਮੇਂ ਪ੍ਰਤੀ ਹਜ਼ਾਰ ਵਿਅਕਤੀਆਂ ਪਿੱਛੇ ਕੈਂਸਰ ਦੇ ਤਕਰੀਬਨ ਇਕ ਫ਼ੀ ਸਦੀ ਮਰੀਜ਼ ਹਨ ਪਰ ਪੰਜਾਬ ਵਿਚ ਇਸ ਸਮੇਂ ਇਕ ਹਜ਼ਾਰ ਪਿੱਛੇ ਤਕਰੀਬਨ 107 ਮਰੀਜ਼ ਹਨ। ਇਸ ਤਰ੍ਹਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਹੁਣ ਕੈਂਸਰ ਦੀ ਰਾਜਧਾਨੀ ਬਣ ਚੁੱਕਾ ਹੈ।
ਜੇਕਰ ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਹਰ ਸਾਲ ਕੈਂਸਰ ਦੇ 11 ਲੱਖ 57 ਹਜ਼ਾਰ 294 ਨਵੇਂ ਮਰੀਜ਼ ਪੁਰਾਣੇ ਮਰੀਜ਼ਾਂ ਵਿਚ ਆ ਸ਼ਾਮਲ ਹੋ ਜਾਂਦੇ ਹਨ। 2010 ਵਿਚ ਕੈਂਸਰ ਨਾਲ 556400 ਮੌਤਾਂ ਹੋਈਆਂ ਪਰ 2018 ਵਿਚ ਕੈਂਸਰ ਨਾਲ 784821 ਮੌਤਾਂ ਹੋਈਆਂ। 75 ਸਾਲ ਤੋਂ ਘੱਟ ਉਮਰ ਦੇ ਮਰਦਾਂ ਵਿਚ ਕੈਂਸਰ ਦੀ ਦਰ 9.81 ਫ਼ੀ ਸਦੀ ਜਦਕਿ ਔਰਤਾਂ ਵਿੱਚ ਇਸ ਦੀ ਦਰ 9.42 ਫ਼ੀ ਸਦੀ ਹੈ।
ਪੰਜਾਬੀਆਂ ਦਾ ਇਹ ਖਾਸਾ ਰਿਹਾ ਹੈ ਕਿ ਇਹ ਪੁੰਨ ਦਾਨ ਅਤੇ ਲੰਗਰ ਲਗਾਉਣ ਲਈ ਬਹੁਤ ਪ੍ਰਸਿੱਧ ਹਨ ਪਰ ਇਹ ਵੀ ਸੱਚ ਹੈ ਕਿ ਪੰਜਾਬੀ ਤਾਂ ਪਹਿਲਾਂ ਹੀ ਲੋੜ ਨਾਲੋਂ ਵੱਧ ਖਾ ਕੇ ਮਰ ਰਹੇ ਹਨ ਅਤੇ ਇਨ੍ਹਾਂ ਨੂੰ ਅਨੇਕਾਂ ਬੀਮਾਰੀਆਂ ਨੇ ਵਿਸ਼ਾਲ ਘੇਰਾ ਪਾ ਰਖਿਆ ਹੈ। ਖੀਰ, ਕੜਾਹ, ਜਲੇਬੀਆਂ, ਮਾਲ੍ਹ ਪੂੜੇ, ਕੁਲਚੇ, ਬਰਗਰ, ਬਰੈੱਡ ਪਕੌੜੇ, ਸਮੋਸੇ ਤੋਂ ਇਲਾਵਾ ਦਰਜਨਾਂ ਕਿਸਮ ਦੇ ਮਿੱਠਾ, ਮੈਦਾ ਅਤੇ ਘੀ ਮਿਲੇ ਪਦਾਰਥਾਂ ਸਮੇਤ ਹੋਰ ਬਹੁਤ ਸਾਰੇ ਖਾਧ ਪਦਾਰਥਾਂ ਦੇ ਮੁੱਲ ਤੇ ਮੁਫ਼ਤ ਦੇ ਲੰਗਰ ਇਨ੍ਹਾਂ ਦੀਆਂ ਬੀਮਾਰੀਆਂ ਵਿਚ ਹੋਰ ਵਾਧਾ ਕਰ ਰਹੇ ਹਨ।
File Photo
ਗ਼ਰੀਬ ਬੀਮਾਰੀਆਂ ਨਾਲ ਮਰ ਰਹੇ ਹਨ; ਨਾ ਉਨ੍ਹਾਂ ਕੋਲ ਡਾਕਟਰ ਦੀ ਫ਼ੀਸ ਦੇਣ ਲਈ ਪੈਸੇ ਹਨ ਅਤੇ ਨਾ ਹੀ ਬੀਮਾਰੀਆਂ ਤੋਂ ਬਚਣ ਵਾਸਤੇ ਦਵਾਈਆਂ ਖਰੀਦਣ ਲਈ। ਸੋ, ਇਨ੍ਹਾਂ ਹਾਲਾਤਾਂ ਵਿਚ ਸਾਨੂੰ ਦਾਨ ਪੁੰਨ ਤਾਂ ਕਰਨਾ ਚਾਹੀਦਾ ਹੈ ਪਰ ਇਸ ਦਾਨ ਪੁੰਨ ਦੀ ਦਿਸ਼ਾ ਬਦਲਣ ਦੀ ਲੋੜ ਹੈ। ਹੁਣ ਦਾਨੀ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਦਵਾਈਆਂ ਦਾ, ਮੈਡੀਕਲ ਟੈਸਟਾਂ, ਦਾ ਮੁਫ਼ਤ ਲੰਗਰ ਲਾਉਣ। ਗ਼ਰੀਬਾਂ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਉਣ, ਅੱਖਾਂ ਦੇ ਕੈਂਪ ਲਾਉਣ, ਖੂਨ ਦਾਨ ਦੇ ਕੈਂਪ ਲਾਉਣ।
ਪੰਜਾਬ ਦੀਆਂ 80 ਫ਼ੀ ਸਦੀ ਤੋਂ ਵੀ ਵੱਧ ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਤਾਕਤ ਦੀਆਂ ਦਵਾਈਆਂ ਮੁਫ਼ਤ ਵੰਡਣ। ਪੰਜਾਬ ਦਾ ਪਾਣੀ ਗੰਧਲਾ ਅਤੇ ਵਿਸ਼ੈਲਾ ਹੋ ਗਿਆ ਹੈ। ਇਸ ਪਾਣੀ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਕਾਲਾ ਪੀਲੀਆ ਯਾਨੀ ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਵਰਗੀਆਂ ਨਾਮੁਰਾਦ ਬੀਮਾਰੀਆਂ ਲੱਗ ਚੁੱਕੀਆਂ ਹਨ ਜਿਨ੍ਹਾਂ ਦਾ ਇਲਾਜ ਕਰਵਾਉਣਾ ਗ਼ਰੀਬ ਆਦਮੀਂ ਦੇ ਵਸ ਦਾ ਰੋਗ ਨਹੀਂ।
ਸੋ, ਦਾਨੀ ਸੱਜਣ ਬੱਚਿਆਂ ਨੂੰ ਕਾਲੇ ਪੀਲੀਏ ਤੋਂ ਬਚਾਉਣ ਲਈ ਹੈਪੇਟਾਈÂਸ ਬੀ ਅਤੇ ਸੀ ਤੋਂ ਅਗੇਤੇ ਬਚਾਉ ਵਾਸਤੇ ਫਰੀ ਟੀਕਾਕਰਨ ਕਰਵਾਉਣ। ਦਾਨ ਪੁੰਨ ਕਰਨਾ ਸਮਾਜਕ ਫ਼ਰਜ਼ ਵੀ ਹੈ ਅਤੇ ਧਾਰਮਕ ਕਾਰਜ ਵੀ ਹੈ ਪਰ ਇਸ ਦਾਨ ਪੁੰਨ ਅਤੇ ਧਾਰਮਕ ਕਾਰਜ ਦੀ ਲੋੜ ਸਿਰਫ਼ ਲੋਕ ਭਲਾਈ ਤਕ ਸੀਮਤ ਹੋਣੀ ਚਾਹੀਦੀ ਹੈ। ਹੁਣ ਲੋੜ ਹੈ ਕਿ ਅਸੀਂ ਸਮੇਂ ਸਿਰ ਸੁਚੇਤ ਹੋਈਏ ਅਤੇ ਮੁਫ਼ਤ ਦਵਾਈਆਂ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਵਾਈਏ; ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਵਾਸਤੇ ਖ਼ੂਨਦਾਨ ਕਰਨਾ ਵੀ ਮਨੁੱਖ ਦਾ ਸੱਭ ਤੋਂ ਉੱਤਮ ਕਾਰਜ ਅਤੇ ਮਹਾਨ ਦਾਨ ਹੈ।