
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੂੰਗੀ, ਬੋਲੀ ਸਰਕਾਰ ਨੂੰ ਜਗਾਉਣ ਅਤੇ ਪੰਜਾਬ ਦੇ ਜਾਨ ਮਾਲ ਦੀ ਰਾਖੀ ਲਈ ਭਾਜਪਾ ਵੱਲੋਂ ਭਲਕੇ ਸੂਬੇ ਭਰ 'ਚ ਪ੍ਰਦਰਸ਼ਨ ਕੀਤੇ ਜਾਣਗੇ।
ਚੰਡੀਗੜ੍ਹ : ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਭਲਕੇ ਮੋਰਚਾ ਖੋਲ੍ਹਿਆ ਜਾਵੇਗਾ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਲਕੇ ਸਰਕਾਰ ਖਿਲਾਫ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਲਕੇ ਭਾਜਪਾ ਦੇ ਵਰਕਰ ਪੂਰੇ ਪੰਜਾਬ ਵਿਚ ਪ੍ਰਦਰਸ਼ਨ ਕਰਨਗੇ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਗਈ ਸੀ। ਉਹਨਾਂ ਕਿਹਾ ਕਿ ਕੀ ਇਹ ਮਾਨ ਸਰਕਾਰ ਦਾ ਰੰਗਲਾ ਪੰਜਾਬ ਹੈ ਜਿੱਥੇ ਹਰ ਰੋਜ਼ ਕਤਲ ਹੁੰਦੇ ਨੇ, ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਅਸਲ ਦੋਸ਼ੀ ਨਹੀਂ ਫੜਿਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੂੰਗੀ, ਬੋਲੀ ਸਰਕਾਰ ਨੂੰ ਜਗਾਉਣ ਅਤੇ ਪੰਜਾਬ ਦੇ ਜਾਨ ਮਾਲ ਦੀ ਰਾਖੀ ਲਈ ਭਾਜਪਾ ਵੱਲੋਂ ਭਲਕੇ ਸੂਬੇ ਭਰ 'ਚ ਪ੍ਰਦਰਸ਼ਨ ਕੀਤੇ ਜਾਣਗੇ।