ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਸ਼ਨੀਵਾਰ ਦੇਰ ਰਾਤ ਕਾਲੋਨੀ 'ਚ ਛਾਪੇਮਾਰੀ ਕੀਤੀ।
ਖਰੜ - ਖਰੜ ਪੁਲਿਸ ਨੇ ਚੰਡੀਗੜ੍ਹ-ਖਰੜ ਹਾਈਵੇ 'ਤੇ ਮੁੰਡੀ ਖਰੜ ਇਲਾਕੇ 'ਚ ਸਥਿਤ ਬੰਗਲਾ ਬਸਤੀ 'ਚ ਗੁਪਤ ਸੂਚਨਾ ਦੇ ਅਧਾਰ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਸਥਾਨਕ ਲੋਕਾਂ ਨਾਲ ਹੋਈ ਬਹਿਸ ਤੋਂ ਬਾਅਦ ਲੋਕਾਂ ਨੇ ਮੁਲਜ਼ਮਾਂ ਨੂੰ ਬਚਾਉਣ ਦੇ ਮਕਸਦ ਨਾਲ ਦੇਰ ਰਾਤ ਹਾਈਵੇਅ ’ਤੇ ਜਾਮ ਲਗਾ ਦਿੱਤਾ ਸੀ।
ਇਸ ਦੌਰਾਨ ਜਦੋਂ ਐਸਐਚਓ ਸਿਟੀ ਖਰੜ ਭਾਰੀ ਪੁਲਿਸ ਫੋਰਸ ਨਾਲ ਜਾਮ ਖੋਲ੍ਹਣ ਲਈ ਮੌਕੇ ’ਤੇ ਪੁੱਜੇ ਤਾਂ ਕੁਝ ਲੁਟੇਰਿਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ ਐਸਐਚਓ ਸਿਟੀ ਹਰਜਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਠੱਪ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ-ਏ-ਕਤਲ ਦੀ ਧਾਰਾ 307 ਅਤੇ ਹਾਈਵੇ ਐਕਟ ਤਹਿਤ ਆਵਾਜਾਈ ਵਿਚ ਵਿਘਨ ਪਾਉਣ ਦਾ ਕੇਸ ਦਰਜ ਕਰ ਲਿਆ ਹੈ।
ਸੰਨੀ ਇਨਕਲੇਵ ਚੌਕੀ ਇੰਚਾਰਜ ਸਬ ਇੰਸਪੈਕਟਰ ਸਤਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੰਗਲਾ ਬਸਤੀ ਨਿਵਾਸੀ ਰਾਜਨ, ਵਿਕਰਮ ਅਤੇ ਪੰਚਕੂਲਾ ਨਿਵਾਸੀ ਨੰਦਕਿਸ਼ੋਰ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਮੋਟਾ ਮੁਨਾਫਾ ਦਿਵਾਉਣ ਦਾ ਵਾਅਦਾ ਕਰਕੇ ਸੱਟੇਬਾਜ਼ੀ ਦਾ ਧੰਦਾ ਕਰਦੇ ਹਨ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਸ਼ਨੀਵਾਰ ਦੇਰ ਰਾਤ ਕਾਲੋਨੀ 'ਚ ਛਾਪੇਮਾਰੀ ਕੀਤੀ। ਜਦੋਂ ਪੁਲਸ ਮੌਕੇ 'ਤੇ ਨੰਦਕਿਸ਼ੋਰ, ਵਿਕਰਮ ਅਤੇ ਹੋਰਾਂ ਤੋਂ ਦੜਾ-ਸੱਟਾ ਲਗਾਉਣ ਦੇ ਦੋਸ਼ 'ਚ ਪੁੱਛਗਿੱਛ ਕਰ ਰਹੀ ਸੀ ਤਾਂ ਵਿਕਰਮ ਦੇ ਪਿਤਾ ਡੁੱਡਾ ਰਾਣਾ, ਰਾਜਾ, ਗਣੇਸ਼, ਟਿੱਪਾ, ਨੀਤੂ ਅਤੇ ਪ੍ਰਵੀਨਾ ਨੇ ਪੁਲਿਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਕਤ ਵਿਅਕਤੀਆਂ ਨੇ ਦੋਸ਼ੀ ਨੂੰ ਪੁਲਸ ਦੀ ਗ੍ਰਿਫਤ 'ਚੋਂ ਛੁਡਵਾਇਆ ਅਤੇ ਫ਼ਰਾਰ ਹੋ ਗਏ।
ਜਦੋਂ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੰਗਲਾ ਬਸਤੀ ਨਾਲ ਸਬੰਧਤ 50-60 ਵਿਅਕਤੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ, ਨੇ ਪੁਲਿਸ ’ਤੇ ਦਬਾਅ ਬਣਾਉਣ ਲਈ ਪੁਲਿਸ ਨੂੰ ਘੇਰ ਲਿਆ ਅਤੇ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਪੁਲਿਸ 'ਤੇ ਇੱਟਾਂ ਨਾਲ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੌਰਾਨ ਪੁਲਿਸ ਨੇ 2 ਔਰਤਾਂ ਸਮੇਤ ਕੁੱਲ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਕਰੀਬ 7 ਵਜੇ ਪੁਲਿਸ ਨੇ ਬੰਗਲਾ ਬਸਤੀ 'ਚ ਫਿਰ ਛਾਪੇਮਾਰੀ ਕੀਤੀ ਅਤੇ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਚਲਾਈ। ਭਾਵੇਂ ਪੁਲਿਸ ਨੂੰ ਇਸ ਸਬੰਧੀ ਕੋਈ ਸਫ਼ਲਤਾ ਨਹੀਂ ਮਿਲੀ ਪਰ ਪੁਲਿਸ ਨੇ ਬਸਤੀ ਵਿਚ ਮੌਜੂਦ ਕੁਝ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਇਲਾਕੇ ਦੇ ਕੁਝ ਲੋਕ ਨਸ਼ਾ ਤਸਕਰੀ, ਜੂਏ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੋਣ ਕਾਰਨ ਕਾਫ਼ੀ ਸਮੇਂ ਤੋਂ ਸੁਰਖੀਆਂ ਵਿਚ ਹਨ। ਜਿਸ 'ਤੇ ਮੌਜੂਦਾ ਸਮੇਂ 'ਚ ਸਖ਼ਤੀ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ।
                    
                