
ਰੇਂਜ ਰੋਵਰ ਨਾਲ ਬੱਸ ਨੂੰ ਛੂਹਣ 'ਤੇ ਹੋਇਆ ਵਿਵਾਦ, ਛੁਡਾਉਣ ਆਏ ਲੋਕਾਂ ਨਾਲ ਵੀ ਕੀਤੀ ਕੁੱਟਮਾਰ
ਜਲੰਧਰ : ਕਾਲਾ ਸਿੰਘਾ ਰੋਡ 'ਤੇ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ। ਮਹਿੰਗੀ ਕਾਰ ਰੇਂਜ ਰੋਵਰ ਵਿਚ ਆਏ ਨੌਜੁਆਨਾਂ ਨੇ ਪਹਿਲਾਂ ਉੱਥੇ ਇੱਕ ਬੱਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ। ਬੱਸ ਡਰਾਈਵਰ ਦੀ ਕੁੱਟਮਾਰ ਹੁੰਦੀ ਦੇਖ ਕੇ ਜਦੋਂ ਕੁਝ ਲੋਕ ਉਸ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਲੜਾਈ ਵੀ ਸ਼ੁਰੂ ਕਰ ਦਿਤੀ। ਇਸ ਦੌਰਾਨ ਉਨ੍ਹਾਂ ਨੇ ਇਕ ਦੁਕਾਨਦਾਰ ਦੇ ਬਾਹਰ ਰੱਖੇ ਘੜੇ ਅਤੇ ਹੋਰ ਸਾਮਾਨ ਦੀ ਭੰਨ-ਤੋੜ ਕੀਤੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।
ਇਹ ਸਾਰਾ ਡਰਾਮਾ ਕਾਲਾ ਸਿੰਘਾ ਰੋਡ 'ਤੇ ਸਥਿਤ ਮੰਦਰ ਦੇ ਬਾਹਰ ਹੋਇਆ ਹੈ। ਪਤਾ ਲੱਗਾ ਹੈ ਕਿ ਉਕਤ ਨੌਜੁਆਨ ਅਪਣੀ ਕਾਰ ਰੇਂਜ ਰੋਵਰ ਨੰਬਰ ਪੀ.ਬੀ. 08 ਏ.ਐਸ. 0099 ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਬੱਸ ਨਾਲ ਹਲਕੀ ਜਿਹੀ ਟੱਕਰ ਹੋ ਗਈ। ਇਸ ਤੋਂ ਬਾਅਦ ਹੀ ਕਾਰ ਸਵਾਰ ਨੌਜੁਆਨਾਂ ਨੇ ਝਗੜਾ ਸ਼ੁਰੂ ਕਰ ਦਿਤਾ। ਇਸ ਤੋਂ ਪਹਿਲਾਂ ਕਿ ਬੱਸ ਡਰਾਈਵਰ ਕੁਝ ਸਮਝਦਾ। ਨੌਜੁਆਨਾਂ ਨੇ ਬੱਸ ਡਰਾਈਵਰ ਨਾਲ ਲੜਾਈ ਸ਼ੁਰੂ ਕਰ ਦਿਤੀ।
ਚਸ਼ਮਦੀਦਾਂ ਨੇ ਦਸਿਆ ਕਿ ਜਦੋਂ ਨੌਜੁਆਨ ਬੱਸ ਡਰਾਈਵਰ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਵਿਗੜੇ ਹੋਏ ਅਮੀਰਾਂ ਨੇ ਦਖ਼ਲ ਦੇਣ ਵਾਲਿਆਂ ਨਾਲ ਲੜਨਾ ਸ਼ੁਰੂ ਕਰ ਦਿਤਾ। ਉਥੇ ਉਨ੍ਹਾਂ ਨੇ ਇਕ ਦੁਕਾਨ ਦੇ ਬਾਹਰ ਪਏ ਮਿੱਟੀ ਦੇ ਬਰਤਨ ਚੁੱਕ ਲਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਇਲਾਵਾ ਨੌਜੁਆਨਾਂ ਨੇ ਦੁਕਾਨ ਦੀ ਵੀ ਭੰਨਤੋੜ ਕੀਤੀ।