
ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਸਾਥੀਆਂ ਸਮੇਤ ਰਾਹਤ ਕਾਰਜਾਂ ਵਿਚ ਜੁਟੇ
ਫ਼ਿਰੋਜ਼ਪੁਰ: ਬੀਤੀ ਰਾਤ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈ.ਏ.ਐਸ. ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਦਰਿਆ ਸਤਲੁਜ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਤ ਪਿੰਡ ਰੁਕਨੇ ਵਾਲਾ, ਨਿਹਾਲਾ ਲਵੇਰਾ, ਬੰਡਾਲਾ, ਕਾਲੇ ਕੇ, ਜੱਲੋ ਕੇ, ਧੀਰਾ ਕਾਰਾ ਤੇ ਟੱਲੀ ਗਰਾਮ ਆਦਿ ਵਿਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਬੀ.ਐਸ.ਐਫ. ਤੇ ਪੰਜਾਬ ਪੁਲੀਸ ਨੇ ਸਾਂਝਾ ਆਪਰੇਸ਼ਨ ਕਰਕੇ ਪਾਣੀ ਵਿਚ ਫ਼ਸੇ ਸੈਂਕੜੇ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ। ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਵੱਲੋਂ ਬਚਾਅ ਕਾਰਜ ਸਾਰੀ ਰਾਤ ਵੀ ਜਾਰੀ ਰਹੇ। ਸਵੇਰ ਤੱਕ ਲੋਕਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਕੱਢਣ ਲਈ 10 ਮੋਟਰ ਬੋਟ ਤੋਂ ਇਲਾਵਾ ਕਿਸ਼ਤੀਆਂ ਚਲਾਈਆਂ ਗਈਆਂ। ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਸਾਥੀਆਂ ਸਮੇਤ ਰਾਹਤ ਕਾਰਜਾਂ ਵਿਚ ਜੁਟੇ ਹਨ।
ਇਹ ਵੀ ਪੜ੍ਹੋ: ਨਹੀਂ ਛੱਡਿਆ ਜਾ ਰਿਹਾ ਭਾਖੜਾ ਡੈਮ ਤੋਂ ਸਤਲੁਜ ਵਿਚ ਪਾਣੀ
ਇਸ ਦੌਰਾਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਹੋਈ ਬਾਰਿਸ਼ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਕਾਫ਼ੀ ਵੱਧ ਜਾਣ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਤਲੁਜ ਨਾਲ ਲੱਗਦੇ ਨੀਵੇਂ ਪਿੰਡਾਂ ਵਿਚ ਪਾਣੀ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਐਸ.ਐਸ.ਪੀ. ਸ. ਭੁਪਿੰਦਰ ਸਿੰਘ ਨਾਲ ਮਿਲ ਕੇ ਨਾਜ਼ੁਕ ਸਥਿਤੀ ਵਾਲੇ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲੋਡਰ ਨਾਲ ਟੋਆ ਪੁੱਟਦਿਆਂ ਪਲਟਿਆ ਟਰੈਕਟਰ, ਥੱਲੇ ਦੱਬਣ ਕਾਰਨ ਨੌਜੁਆਨ ਦੀ ਮੌਤ
ਉਨ੍ਹਾਂ ਦਸਿਆ ਕਿ ਜਿੱਥੇ ਵੀ ਸਤਲੁਜ ਦੇ ਬੰਨ੍ਹ ਕਮਜ਼ੋਰ ਲਗ ਰਹੇ ਸੀ ਉੱਥੇ ਮਿੱਟੀ ਪਾ ਕੇ ਮਜ਼ਬੂਤ ਕੀਤੇ ਗਏ ਹਨ ਅਤੇ ਜਿਹੜੇ ਇਲਾਕਿਆਂ ਵਿਚ ਪਾਣੀ ਆਇਆ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਰਾਹਤ ਕੇਂਦਰ ਵਿਚ ਪੁਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਵਿਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਹੜ੍ਹ ਪ੍ਰਭਾਵਿਤਾਂ ਲਈ ਡਾਕਟਰੀ ਸਹਾਇਤਾ, ਲੰਗਰ, ਪੀਣ ਵਾਲਾ ਪਾਣੀ, ਬਿਸਤਰੇ ਅਤੇ ਪਸ਼ੂਆਂ ਦੇ ਚਾਰੇ ਸਮੇਤ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਵਿਚ ਸਥਾਨਕ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਇਲਾਕੇ ਦੇ ਲੋਕਾਂ, ਐਨ.ਜੀ.ਓਜ਼ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਘੱਟ ਹੋਣ ਤੇ ਬਚਾਅ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਪਟਿਆਲਾ ’ਚ ਵੱਡੀ ਵਾਰਦਾਤ: 8ਵੀਂ ਜਮਾਤ ਦੀ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਕਤਲ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਦੇ ਪਾਣੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦਰਿਆ ਦੀ ਮਾਰ ਹੇਠ ਆਉਂਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ, ਪਸ਼ੂਆਂ ਸਮੇਤ ਸੁਰੱਖਿਅਤ ਸਥਾਨਾਂ ਤੇ ਪਹੁੰਚਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ ਅਤੇ ਸਹੀ ਜਾਣਕਾਰੀ ਤੇ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਜਾਰੀ ਕੀਤੇ ਵਲੱਡ ਕੰਟਰੋਲ ਸਹਾਇਤਾ ਨੰਬਰਾਂ ‘ਤੇ ਸੰਪਰਕ ਕਰਨ।
ਇਹ ਵੀ ਪੜ੍ਹੋ: ਜਿੰਪਾ ਵੱਲੋਂ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ‘ਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼
ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਵੱਲੋਂ ਅਸੁਰੱਖਿਅਤ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਘਰਾਂ ਵਿੱਚੋਂ ਲਗਾਤਾਰ ਮੋਟਰਬੋਟ ਰਾਹੀਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਤੇ ਹੁਣ ਤੱਕ ਸੈਂਕੜੇ ਲੋਕ ਬਾਹਰ ਆ ਚੁੱਕੇ ਹਨ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਬੀਮਾਰਾਂ, ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪਹਿਲ ਦੇ ਆਧਾਰ ‘ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ, ਐਸ.ਡੀ.ਐਮ. ਸ. ਗਗਨਦੀਪ ਸਿੰਘ, ਚੇਅਰਮੈਨ ਬਲਰਾਜ ਸਿੰਘ ਕਟੋਰਾ, ਤਹਿਸੀਲਦਾਰ ਫ਼ਿਰੋਜ਼ਪੁਰ ਸੁਖਬੀਰ ਕੌਰ, ਸਿਵਲ ਸਰਜਨ ਰਾਜਿੰਦਰ ਪਾਲ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ ਤੋਂ ਇਲਾਵਾ ਭਾਰਤੀ ਫ਼ੌਜ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।