ਝੋਨੇ ਦੀ ਪਰਾਲੀ ਦੀ ਸੰਭਾਲ ਦਾ ਮਸਲਾ ਅਜੇ ਵੀ ਬਰਕਰਾਰ
Published : Aug 12, 2020, 8:34 am IST
Updated : Aug 12, 2020, 8:34 am IST
SHARE ARTICLE
File Photo
File Photo

ਖੇਤਾਂ 'ਚ ਇਸ ਸਾਲ ਵੀ ਅੱਗਾਂ ਲੱਗਣਗੀਆਂ

ਚੰਡੀਗੜ੍ਹ, 11 ਅਗੱਸਤ (ਐਸ.ਐਸ. ਬਰਾੜ) : ਝੋਨੇ ਦੀ ਪਰਾਲੀ ਦੀ ਸੰਭਾਲ ਦਾ ਕੋਈ ਠੋਸ ਤਰੀਕਾ ਨਾ ਨਿਕਲ ਸਕਣ ਕਾਰਨ ਇਸ ਸਾਲ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਲਗਦਾ। ਇਸ ਸਬੰਧੀ ਕਿਸਾਨਾਂ ਅਤੇ ਕਿਸਾਨ ਯੂਨੀਅਨ ਆਗੂਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਝੋਨੇ ਦੀ ਪਰਾਲੀ ਨਾਲ ਬਿਜਲੀ ਬਣਾਉਣਾ ਹੈ ਜਾਂ ਇਸ ਦੀ ਸੰਭਾਲ ਲਈ ਕਿਸਾਨ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਮਿਲੇ ਅਤੇ ਕਿਸਾਨ ਖ਼ੁਦ ਇਸ ਦੀ ਸੰਭਾਲ ਕਰੇਗਾ। ਕਿਸਾਨ ਯੂਨੀਅਨ ਆਗੂ ਸ. ਕੋਕਰੀ ਕਲਾਂ ਅਤੇ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪਰਾਲੀ ਦੀ ਸੰਭਾਲ ਲਈ ਅਜੇ ਤਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਅਤੇ ਨਾ ਹੀ ਕੋਈ ਤਰੀਕਾ ਸਫ਼ਲ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਢੇ 14 ਲੱਖ ਕਿਸਾਨ ਪੰਜਾਬ 'ਚ ਖੇਤੀ ਕਰਦੇ ਹਨ ਅਤੇ ਸਰਕਾਰ ਨੇ ਪਿਛਲੇ ਸਾਲ ਤਕ 23500 ਮਸ਼ੀਨਾਂ ਮੁਹਈਆ ਕਰਵਾਈਆਂ ਸਨ।

ਹਰ ਜ਼ਿਲ੍ਹੇ 'ਚ ਪਰਾਲੀ ਨਾਲ ਬਿਜਲੀ ਬਣਾਉਣ ਦੇ ਪਲਾਂਟ ਲਗਾਉਣ ਜਾਂ ਕਿਸਾਨਾਂ ਨੂੰ ਸਬਸਿਡੀ ਮਿਲੇ। ਇਸ ਨਾਲ ਹੀ ਪਰਾਲੀ ਨੂੰ ਅੱਗਾਂ ਲਗਾਉਣ ਦਾ ਸਿਲਸਿਲਾ ਬੰਦ ਹੋ ਸਕੇਗਾ। ਉਧਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਇਕੋ-ਇਕ ਹੱਲ ਪਰਾਲੀ ਦੀ ਖਪਤ ਜ਼ਮੀਨ 'ਚ ਹੀ ਕਰਨਾ ਹੈ, ਪਰਾਲੀ ਦਾ ਮਲਚਰ ਮਸ਼ੀਨਾਂ ਨਾਲ ਖੇਤ 'ਚ ਕੁਤਰਾ ਕਰ ਕੇ ਜ਼ਮੀਨ 'ਚ ਰਲਾਇਆ ਜਾਵੇ। ਬਿਜਲੀ ਬਣਾਉਣ ਦਾ ਤਰੀਕਾ ਸਫ਼ਲ ਨਹੀਂ। ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਪਰਾਲੀ ਨਾਲ ਬਣਾਈ ਬਿਜਲੀ 8 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ ਜਦਕਿ ਹੋਰ ਤਰੀਕੇ ਨਾਲ ਬਣੀ 4 ਰੁਪਏ ਦੇ ਨੇੜੇ ਮਿਲਦੀ ਹੈ। ਇਸ ਲਈ ਕਿਸਾਨ ਪਰਾਲੀ ਨੂੰ ਮਲਚਰ ਮਸ਼ੀਨਾਂ ਨਾਲ ਖੇਤਾਂ 'ਚ ਹੀ ਮਿਲਾਉਣ। ਇਸ ਨਾਲ ਪਰਾਲੀ ਦੀ ਸੰਭਾਲ ਵੀ ਹੋਵੇਗੀ ਅਤੇ ਇਸ ਤੋਂ ਖਾਦ ਵੀ ਬਣੇਗੀ।

File PhotoFile Photo

ਇਸ ਤੋਂ ਇਲਾਵਾ ਖੜ੍ਹੀ ਪਰਾਲੀ 'ਚ ਹੀ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਵੀ ਹੋ ਸਕਦੀ ਹੈ। ਕਿਸਾਨਾਂ ਨੂੰ ਮਸ਼ੀਨਾਂ ਵੱਡੀ ਪੱਧਰ 'ਤੇ ਦਿਤੀਆਂ ਹਨ ਅਤੇ ਹੋਰ ਦਿਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਲਈ 1800 ਕਰੋੜ ਦੀ ਸਬਸਿਡੀ ਦੇਣਾ ਵੀ ਸੰਭਵ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਦਿਨ ਸੁਪਰੀਮ ਕੋਰਟ 'ਚ ਵੀ ਸਪਸ਼ਟ ਕਰ ਦਿਤਾ ਹੈ ਕਿ ਸਰਕਾਰ ਪਾਸ ਸਬਸਿਡੀ ਦੇਣ ਲਈ ਪੈਸਾ ਉਪਲਬਧ ਨਹੀਂ ਹੈ।

ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਲਚਰ ਮਸ਼ੀਨਾਂ ਨਾਲ ਖੇਤ 'ਚ ਕੁਤਰਾ ਕਰ ਕੇ ਰਲਾਈ ਗਈ ਪਰਾਲੀ ਵਾਲੇ ਖੇਤਾਂ 'ਚ ਜੰਮਦੀ ਕਣਕ ਨੂੰ ਹੀ ਸੁੰਡੀ ਪੈ ਜਾਂਦੀ ਹੈ। ਪਿਛਲੇ ਸਾਲ ਕਿਸਾਨਾਂ ਨੂੰ ਦੁਬਾਰਾ ਕਣਕ ਬੀਜਣੀ ਪਈ। ਜ਼ੀਰੋ ਡਰਿੱਲ ਨਾਲ ਬੀਜੀ ਕਣਕ ਬਾਰੇ  ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਣਕ ਦਾ ਝਾੜ ਘੱਟ ਨਿਕਲਦਾ ਹੈ।

ਸ. ਪੰਨੂੰ ਦਾ ਕਹਿਣਾ ਹੈ ਕਿ ਪਿਛਲੇ ਸਾਲ ਲਗਭਗ 60 ਫ਼ੀ ਸਦੀ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ। ਇਸ ਸਾਲ ਹੋਰ ਮਸ਼ੀਨਾਂ ਦਿਤੀਆਂ ਜਾ ਰਹੀਆਂ ਹਨ। ਜਿਥੋਂ ਤਕ ਕਣਕ ਨੂੰ ਸੁੰਡੀ ਪੈਣ ਦਾ ਸਬੰਧ ਹੈ, ਸਾਰੇ ਪੰਜਾਬ 'ਚ ਸਿਰਫ਼ 1600 ਏਕੜ ਰਕਬੇ 'ਚ ਇਹ ਸ਼ਿਕਾਇਤ ਆਈ, ਸਪਰੇਅ ਕਰ ਕੇ ਸੁੰਡੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉੁਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜ਼ੀਰੋ ਡਰਿੱਲ ਨਾਲ ਝੋਨੇ ਦੀ ਖੜ੍ਹੀ ਪਰਾਲੀ 'ਚ ਕਣਕ ਦੀ ਬਿਜਾਈ ਵੀ ਸਫ਼ਲ ਹੈ। ਝਾੜ ਵੀ ਪੂਰਾ ਨਿਕਲਦਾ ਹੈ। ਕਿਸਾਨਾਂ ਨੂੰ ਅੱਗ ਲਗਾਉਣ ਦੇ ਪੁਰਾਣੇ ਢੰਗ ਛੱਡ ਕੇ ਇਹ ਤਕਨੀਕਾਂ ਅਪਣਾਉਣੀਆਂ ਚਾਹਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement