
ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਮਾਸੂਮ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਇਸ ਮਾਸੂਮ ਬੱਚੀ ਦੀ ਮਾਂ ਹੀ ਉਸ ਦੀ ਕਾਤਲ ਨਿਕਲੀ ਹੈ। ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਇਹ ਔਰਤ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਕਤ ਔਰਤ ਦੀ ਲੜਕੀ ਨਾਲ ਫੋਟੋ ਅਤੇ ਵੀਡੀਓ ਵਾਇਰਲ ਕਰ ਦਿੱਤੀ ਸੀ।
Small Girl body found near Golden Temple
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਮ੍ਰਿਤਕ ਮਿਲੀ ਬੱਚੀ ਦੀ ਪਛਾਣ ਦੀਪਜੋਤ ਕੌਰ ਵਜੋਂ ਹੋਈ ਹੈ। ਉਹ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਸੀ। ਦੀਪਜੋਤ ਕੌਰ ਦੇ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਅਤੇ ਮਾਤਾ ਦਾ ਨਾਮ ਮਨਿੰਦਰ ਕੌਰ ਹੈ। ਮਨਿੰਦਰ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਨੇ ਪਹਿਲਾਂ ਆਪਣੀ ਧੀ ਦੀਪਜੋਤ ਕੌਰ ਨੂੰ ਮਾਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿਚ ਰੱਖ ਕੇ ਫਰਾਰ ਹੋ ਗਈ।
Small Girl body found near Golden Temple
ਸ਼੍ਰੋਮਣੀ ਕਮੇਟੀ ਮੁਤਾਬਕ ਵੀਰਵਾਰ ਸ਼ਾਮ ਨੂੰ ਗੋਲਡਨ ਟੈਂਪਲ ਪਲਾਜ਼ਾ ਸਥਿਤ ਘੰਟਾਘਰ ਦੇ ਦਰਵਾਜ਼ੇ ਕੋਲ ਇਕ ਬੱਚੀ ਦੀ ਲਾਸ਼ ਪਈ ਮਿਲੀ। ਲੜਕੀ ਦੀ ਲਾਸ਼ ਦੀ ਸੂਚਨਾ ਜਦੋਂ ਸ਼੍ਰੋਮਣੀ ਕਮੇਟੀ ਦਫ਼ਤਰ ਨੂੰ ਮਿਲੀ ਤਾਂ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਗੋਲਡਨ ਟੈਂਪਲ ਪਲਾਜ਼ਾ ਅਤੇ ਆਲੇ-ਦੁਆਲੇ ਲਗਾਏ ਗਏ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਇਸ ਵਿਚ ਦੇਖਿਆ ਗਿਆ ਕਿ ਵੀਰਵਾਰ ਦੁਪਹਿਰ 1 ਅਤੇ 2 ਦੇ ਵਿਚਕਾਰ ਇਕ ਸ਼ੱਕੀ ਔਰਤ ਲੜਕੀ ਨੂੰ ਚੁੱਕ ਕੇ ਜਾ ਰਹੀ ਹੈ।
Small Girl body found near Golden Temple
ਫੁਟੇਜ 'ਚ ਇਕ ਥਾਂ 'ਤੇ ਇਹ ਔਰਤ ਇਕ ਬੱਚੀ ਨੂੰ ਲੈ ਕੇ ਜਾ ਰਹੀ ਸੀ, ਜਿਸ ਦਾ ਚਿਹਰਾ ਢੱਕਿਆ ਹੋਇਆ ਸੀ। ਇਕ ਹੋਰ ਕੈਮਰੇ ਦੀ ਫੁਟੇਜ ਵਿਚ ਉਹੀ ਔਰਤ ਇਕ ਵੱਡੇ ਬੈਗ ਨਾਲ ਵੀ ਨਜ਼ਰ ਆ ਰਹੀ ਸੀ ਪਰ ਉਸ ਸਮੇਂ ਉਸ ਕੋਲ ਬੱਚਾ ਨਹੀਂ ਸੀ। ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਔਰਤ ਦੀਆਂ ਤਸਵੀਰਾਂ ਅਤੇ ਸੀਸੀਟੀਵੀ ਫੁਟੇਜ ਵਾਇਰਲ ਕਰ ਦਿੱਤੀਆਂ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜੇਕਰ ਕਿਸੇ ਨੂੰ ਵੀ ਇਸ ਔਰਤ ਬਾਰੇ ਕੁਝ ਪਤਾ ਹੋਵੇ ਤਾਂ ਉਸ ਦੀ ਸੂਚਨਾ ਤੁਰੰਤ ਦਿੱਤੀ ਜਾਵੇ।