
2000 ਅਸਥਾਈ ਪਖਾਨੇ ਅਤੇ 1500 ਯੂਰੇਨਲਸ, ਦਿਵਿਆਂਗਾਂ ਲਈ 125 ਨਹਾਉਣ ਵਾਲੇ ਅਤੇ 50 ਸਪੈਸ਼ਲ ਪਖਾਨੇ ਕੀਤੇ ਜਾਣਗੇ ਸਥਾਪਤ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਦੇ ਜਸ਼ਨ ਮਨਾਉਣ ਸਬੰਧੀ, ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ (ਡਬਲਯੂ.ਐਸ.ਐਸ.ਡੀ.) ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੇ ਲੱਖਾਂ ਯਾਤਰੂਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਸਾਫ਼-ਸਫ਼ਾਈ ਕਾਇਮ ਰੱਖਣ, ਸਫਾਈ ਦਾ ਪ੍ਰਬੰਧ ਕਰਨ ਅਤੇ ਕੂੜੇ ਦਾ ਪ੍ਰਬੰਧਨ ਕਰਨ ਤੋਂ ਇਲਾਵਾ ਸਮੁੱਚੇ ਪ੍ਰੋਗਰਾਮ ਨੂੰ ਖੁੱਲ੍ਹੇ ਵਿਚ ਸ਼ੌਚ ਰਹਿਤ ਕਰਵਾਉਣ ਦਾ ਮਹੱਤਵਪੂਰਨ ਕਾਰਜ ਸੌਂਪਿਆ ਗਿਆ ਹੈ। ਜਲ ਸਪਲਾਈ ਅਤੇ ਸੈਨੀਟੇਸਨ ਮੰਤਰੀ, ਰਜੀਆ ਸੁਲਤਾਨਾ ਨੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਇਨ੍ਹਾਂ ਵੱਖ ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸੁਲਤਾਨਪੁਰ ਲੋਧੀ ਵਿਖੇ ਨੇਪਰੇ ਚਾੜ੍ਹੇ ਜਾਣ ਵਾਲੇ ਇਨ੍ਹਾਂ ਸਮੂਹ ਪ੍ਰਾਜੈਕਟਾਂ 'ਤੇ ਕੁੱਲ 13.65 ਕਰੋੜ ਰੁਪਏ ਖਰਚੇ ਜਾਣਗੇ।
Sultanpur Lodhi
ਰਜੀਆ ਸੁਲਤਾਨਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨੂੰ 500 ਏਕੜ ਦੇ ਖੇਤਰ ਵਿਚ ਫੈਲੀਆਂ 8 ਪਾਰਕਿੰਗ ਸਾਈਟਾਂ ਅਤੇ 100 ਏਕੜ ਤੋਂ ਵੱਧ ਰਕਬੇ ਵਿਚ ਫੈਲੀਆਂ 12 ਲੰਗਰ ਸਾਈਟਾਂ ਵਿਚ 24 ਘੰਟੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਵਿਭਾਗ ਪਾਈਪਲਾਈਨ ਅਤੇ ਮਸੀਨਰੀ ਨਾਲ 8 ਟਿਊਬਵੈਲ ਲਗਾਏਗਾ ਅਤੇ ਹੁਣ ਤੱਕ 4 ਟਿਊਬਵੈੱਲ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਸ਼ੁੱਧ ਪਾਣੀ ਦੇ ਭੰਡਾਰਨ ਲਈ 5000 ਲੀਟਰ ਸਮਰੱਥਾ ਵਾਲੇ ਐਚ.ਡੀ.ਪੀ.ਈ. ਵਾਟਰ ਟੈਂਕ ਲਗਾਏ ਜਾਣਗੇ।
Sultanpur Lodhi
ਮੰਤਰੀ ਨੇ ਦਸਿਆ ਕਿ ਸ਼ਹਿਰ ਦੀ ਹੱਦ ਵਿੱਚ ਮਿਊਂਸੀਪਲ ਕਮੇਟੀ ਦੀ ਵਾਟਰ ਸਪਲਾਈ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35 ਵੱਖ-ਵੱਖ ਥਾਵਾਂ ‘ਤੇ ਵਾਟਰ ਏ.ਟੀ.ਐਮਸ. ਅਤੇ ਸਟੇਨਲੈਸ ਸਟੀਲ ਟਰਫਾਂ (ਪਿਆਊ) ਲਗਾਈਆਂ ਜਾਣੀਆਂ ਹਨ। ਇਸੇ ਤਰ੍ਹਾਂ ਮਿਊਂਸੀਪਲ ਦੀ ਹੱਦ ਤੋਂ ਬਾਹਰ 8 ਪਾਰਕਿੰਗ ਅਤੇ 12 ਲੰਗਰ ਵਾਲੀਆਂ ਥਾਵਾਂ 'ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ 107 ਉੱਚ-ਪੱਧਰੀ ਸਟੈਨਲੈਸ-ਸਟੀਲ ਵਾਟਰ ਟਰਫ ਲਗਾਏ ਜਾਣਗੇ। ਹਰੇਕ ਪਾਣੀ ਦੀ ਟਰਫ ਵਿਚ 10 ਫੁੱਟ ਚੋੜਾਈ ਵਿੱਚ ਦੋਨੇ ਪਾਸੇ 5-5 ਟੂਟੀਆਂ ਲਗਾਈਆਂ ਜਾਣਗੀਆਂ।
Sultanpur Lodhi to be draped in white
ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਪ੍ਰੋਗਰਾਮ ਦੌਰਾਨ ਖੁੱਲ੍ਹੇ ਵਿਚ ਸ਼ੌਚ ਰਹਿਤ ਬਣਾਇਆ ਜਾਵੇਗਾ ਤਾਂ ਜੋਂ ਗੰਦਗੀ ਤੋਂ ਬਚਿਆ ਜਾ ਸਕੇ ਅਤੇ ਇਨ੍ਹਾਂ ਸਾਰਿਆਂ ਦੀ ਡਿਜ਼ੀਟਲ ਮੋਟਰਿੰਗ ਕੀਤੀ ਜਾਵੇਗੀ। ਸੁਲਤਾਨਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਆਉਣ ਵਾਲੀ ਸੰਗਤ ਵਾਸਤੇ ਸ਼ਹਿਰ, ਪਾਰਕਿੰਗ ਤੇ ਲੰਗਰ ਦੀਆਂ ਵੱਖ-ਵੱਖ ਸਾਈਟਾਂ ‘ਤੇ 2000 ਅਸਥਾਈ ਪਖਾਨੇ ਅਤੇ 1500 ਯੂਰੀਨਲ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਦਿਵਿਆਂਗਾਂ ਵਾਸਤੇ 125 ਨਹਾਉਣ ਵਾਲੇ ਅਤੇ 50 ਸਪੈਸ਼ਲ ਪਖਾਨੇ ਲਗਾਏ ਜਾਣੇ ਹਨ। ਇਹਨਾਂ ਪਖਾਨਿਆਂ ਦੀ ਦੇਖਭਾਲ ਤੇ ਸਾਫ਼-ਸਫ਼ਾਈ ਲਈ 1100 ਸਫ਼ਾਈ ਕਰਮਚਾਰੀ ਲਗਾਏ ਜਾਣੇ ਹਨ। ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਸੀਵਰੇਜ ਦੀ 100 ਪ੍ਰਤੀਸ਼ਤ ਗੰਦਗੀ ਦਾ ਨਿਪਟਾਰ ਮੱਖੂ ਅਤੇ ਜ਼ੀਰਾ ਵਿਖੇ ਲੱਗੇ ਟੀਰਟਮੈਂਟ ਪਲਾਟਾਂ ਰਾਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 30000 ਵਰਗ ਫੁੱਟ ਖੇਤਰ ‘ਤੇ ਸਿਹਤ ਅਤੇ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸਥਾਨਾਂ ‘ਤੇ ਸਲੋਗਨ ਲਗਾਏ ਜਾਣੇ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਮੌਕੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਸਫਾਈ ਵਿਵਸਥਾ ਦੀ 24 ਘੰਟੇ ਨਿਗਰਾਨੀ ਲਈ ਵੈਂਬ ਬੇਸਡ ਮੋਨੀਟਰਿੰਗ ਡੈਸ਼ਬੋਰਡ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਜੇਕਰ ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੁਵਿਧਾਵਾਂ ਸਬੰਧੀ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸ ਨੂੰ 3 ਘੰਟੇ ਦੇ ਅੰਦਰ-ਅੰਦਰ ਠੀਕ ਕਰ ਦਿੱਤਾ ਜਾਵੇਗਾ।