
'ਭਾਭਾ ਐਟੋਮਿਕ ਰਿਸਰਚ ਸੈਂਟਰ' ਦੀ ਤਕਨੀਕੀ ਮੁਹਾਰਤ ਹੇਠ ਕੀਤੀ ਜਾਵੇਗੀ ਸਥਾਪਨਾ
ਚੰਡੀਗੜ੍ਹ : ਸੂਬੇ ਦੇ ਮਾਝਾ ਖੇਤਰ ਵਿਚ ਖਾਣਾ ਪਕਾਉਣ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ 'ਭਾਭਾ ਐਟੋਮਿਕ ਰਿਸਰਚ ਸੈਂਟਰ' ਮੁੰਬਈ ਦੇ ਤਕਨੀਕੀ ਮੁਹਾਰਤ ਹੇਠ ਅੰਮ੍ਰਿਤਸਰ ਵਿਖੇ ਵਿਸ਼ਵ ਪਧਰੀ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟ ਲੈਬਾਰਟਰੀ ਸਥਾਪਤ ਕਰਨ ਜਾ ਰਹੀ ਹੈ। ਇਹ ਟੈਸਟਿੰਗ ਲੈਬਾਰਟਰੀ ਪੀਣ ਯੋਗ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਨੂੰ ਟੈਸਟ ਕਰਨ ਦੇ ਸਮਰੱਥ ਹੋਵੇਗੀ।
Razia Sultana
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਇਹ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਵਿਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਮਾਝਾ ਖੇਤਰ ਦੇ ਹੋਰ ਹਿੱਸਿਆਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਏਗੀ । ਉਨ੍ਹਾਂ ਕਿਹਾ ਕਿ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਦੀ ਜਾਂਚ ਕਰਨ ਤੋਂ ਇਲਾਵਾ ਇਹ ਪੀਣ ਵਾਲੇ ਪਾਣੀ ਦੇ ਮੁਢਲੇ ਮਾਪਦੰਡਾਂ ਅਤੇ ਬੈਕਟੀਰੀਆ ਸੰਬੰਧੀ ਮਾਪਦੰਡਾਂ ਦੀ ਜਾਂਚ ਕਰਨ ਦੇ ਵੀ ਸਮਰੱਥ ਹੋਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਅਤਿ ਆਧੁਨਿਕ ਲੈਬ 8000 ਵਰਗ ਫੁੱਟ ਦੇ ਖੇਤਰ ਵਿਚ ਸਥਾਪਤ ਕੀਤੀ ਜਾ ਰਹੀ ਹੈ।
Water Testing Laboratory
ਹਾਈਟੈਕ ਲੈਬਾਰਟਰੀ ਵਿਚ ਲਗਾਏ ਜਾਣ ਵਾਲੇ ਅਤਿ-ਆਧੁਨਿਕ ਉਪਕਰਣਾਂ ਬਾਰੇ ਵੇਰਵੇ ਦਿੰਦੇ ਹੋਏ ਜਲ ਸਪਲਾਈ ਮੰਤਰੀ ਨੇ ਕਿਹਾ ਕਿ ਪੀ.ਪੀ.ਟੀ. (ਪਾਰਟਸ ਪਰ ਟ੍ਰਿਲਿਅਨ) ਪੱਧਰ 'ਤੇ ਆਰਸੈਨਿਕ, ਭਾਰੀ ਧਾਤਾਂ, ਐਨਾਇਨਸ, ਕੈਟਾਇਨਸ ਦੀ ਜਾਂਚ ਲਈ ਇਸ ਲੈਬ ਵਿਚ ਇੰਡਕਟਿਵਲੀ ਕੁਪਲ ਪਲਾਜ਼ਮਾ ਮਾਸ ਸਪੈਕਟ੍ਰੋਮੀਟਰ (ਆਈ.ਸੀ.ਪੀ.-ਐਮ.ਐਸ.) ਅਤੇ ਆਇਨ ਕ੍ਰੋਮੈਟੋਗ੍ਰਾਫ ਵਰਗੇ ਉਪਕਰਣ ਵਰਤੇ ਜਾਣਗੇ।
Water
ਇਸ ਤੋਂ ਇਲਾਵਾ ਮੁੱਢਲੇ ਮਾਪਦੰਡਾਂ ਜਿਵੇਂ ਟੋਟਲ ਡਿਸੌਲਵਡ ਸੌਲਿਡਜ਼, ਪੀ.ਐਚ., ਟਰਬੀਡਿਟੀ ਅਤੇ ਈ.ਕੌਲੀ ਅਤੇ ਟੋਟਲ ਕੋਲੀਫੌਰਮ ਵਰਗੇ ਬੈਕਟੀਰਿਓਲੌਜੀਕਲ ਮਾਪਦੰਡ ਪੀਣ ਯੋਗ ਪਾਣੀ ਦੀ ਟੈਸਟਿੰਗ ਲਈ ਵਰਤੇ ਜਾਣਗੇ। ਉਨ੍ਹਾਂ ਕਿਹਾ, "ਇਹ ਲੈਬ ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਮੁਹੱਈਆ ਕਰਾਉਣ ਲਈ ਇਨ੍ਹਾਂ ਖੇਤਰਾਂ ਵਿਚ ਲਗਾਏ ਜਾ ਰਹੇ ਆਰਸੈਨਿਕ ਰਿਮੂਵਲ ਪਲਾਂਟਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਵਿੱਚ ਵੀ ਸਹਾਇਤਾ ਕਰੇਗੀ।"
Water Testing Laboratory
ਰਜ਼ੀਆ ਸੁਲਤਾਨਾ ਨੇ ਕਿਹਾ ਕਿ ਨਵੀਨਤਮ ਉਪਕਰਣਾਂ ਨਾਲ ਜ਼ਿਲ੍ਹਾ ਸੰਗਰੂਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਏ.ਐਸ. ਨਗਰ ਵਿਚ ਲਗਭਗ 4 ਹੋਰ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਜੋ ਬਾਕੀ ਜ਼ਿਲ੍ਹਿਆਂ ਦੀ ਪਾਣੀ ਦੀ ਮੰਗ ਨੂੰ ਵੀ ਪੂਰਾ ਕਰਨਗੀਆਂ। ਇਨ੍ਹਾਂ ਸਾਰੀਆਂ ਲੈਬਾਂ ਦੀਆਂ ਇਮਾਰਤਾਂ ਨੂੰ ਨਵੀਨਤਮ ਮਾਪਦੰਡਾਂ ਅਤੇ ਵਾਤਾਵਰਣ ਸੁਰੱਖਿਆ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਲੈਬਾਂ 'ਤੇ ਤਕਰੀਬਨ 4.50 ਕਰੋੜ ਰੁਪਏ ਦਾ ਖ਼ਰਚਾ ਆਵੇਗਾ।