
14-15 ਸਤੰਬਰ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੁਹਾਲੀ ’ਚ ਹੋਵੇਗੀ ਸਰਕਾਰ-ਵਪਾਰ ਮਿਲਣੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁਧਵਾਰ ਨੂੰ ਤਿੰਨ ਦਿਨਾਂ ਪੰਜਾਬ ਦੌਰੇ 'ਤੇ ਆਉਣਗੇ। ਇਸ ਦੌਰਾਨ 13 ਤੋਂ 15 ਸਤੰਬਰ ਤਕ ਉਹ ਕਈ ਅਹਿਮ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਈਆਂ ਕੁੱਝ ਵੱਡੀਆਂ ਗਾਰੰਟੀਆਂ ਨੂੰ ਵੀ ਪੂਰਾ ਕਰਨਗੇ। ਇਸ ਤਹਿਤ ਉਹ ਸਿੱਖਿਆ ਦੀ ਗਾਰੰਟੀ ਤਹਿਤ ਅੰਮ੍ਰਿਤਸਰ ਵਿਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਟਾਊਨਹਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੰਡਸਟਰੀ ਸਬੰਧੀ ਨੀਤੀ ਸਬੰਧੀ ਵੀ ਵੱਡਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ ਵਿਚ ਟਾਊਨਹਾਲ ਮੀਟਿੰਗਾਂ ਤੋਂ ਬਾਅਦ ਦਿੱਲੀ ਪਰਤਣਗੇ। ਇਸ ਪੂਰੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ‘ਕੇਜਰੀਵਾਲ ਦੀ ਗਾਰੰਟੀ’ ਦਿਤੀ ਸੀ। ਇਸ ਵਿਚ ਬਿਜਲੀ, ਸਿੱਖਿਆ, ਸਿਹਤ ਸਮੇਤ ਕਈ ਗਾਰੰਟੀਆਂ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਦਿਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਇਸੇ ਲੜੀ ਵਿਚ 13 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ‘ਸਿੱਖਿਆ ਦੀ ਗਰੰਟੀ’ ਤਹਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ।
ਇਹ ਪੰਜਾਬ ਦਾ ਪਹਿਲਾ ਸਕੂਲ ਆਫ ਐਮੀਨੈਂਸ ਹੋਵੇਗਾ, ਜਿਸ ਦੀ ਸਥਾਪਨਾ ਅੰਮ੍ਰਿਤਸਰ ਵਿਚ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਵਿਚ 117 ਅਜਿਹੇ ਹੀ ਸਕੂਲ ਆਫ ਐਮੀਨੈਂਸ ਖੋਲ੍ਹੇਗੀ। ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿਚ ਹੀ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ 14 ਸਤੰਬਰ ਨੂੰ ਉੱਦਮੀਆਂ ਨਾਲ ਟਾਊਨਹਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਉੱਦਮੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਨੀਤੀ ਨਾਲ ਜੁੜੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸੀਐਮ ਭਗਵੰਤ ਭਾਨ ਇੰਡਸਟਰੀ ਪਾਲਿਸੀ ਨਾਲ ਜੁੜੇ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ। ਅਗਲੇ ਦਿਨ 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ ਦੇ ਉੱਦਮੀਆਂ ਨਾਲ ਦੋ ਟਾਊਨਹਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਵਿੱਚ ਉੱਦਮੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਣਗੀਆਂ ਅਤੇ ਨੀਤੀਗਤ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।