
ਪਿੰਡ ਅੰਮੀਵਾਲ ਵਿਚ ਕਈ ਲੋਕ ਜ਼ਖ਼ਮੀ
ਧਰਮਕੋਟ: ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡਾਂ ਵਿਚ ਪਿਛਲੇ ਕੁੱਝ ਸਾਲਾਂ ਤੋਂ ਜੰਗਲੀ ਸੂਰਾਂ ਕਾਰਨ ਲੋਕ ਕਾਫੀ ਦਹਿਸ਼ਤ ਵਿਚ ਹਨ। ਬੀਤੇ ਦਿਨ ਜੰਗਲੀ ਸੂਰਾਂ ਵਲੋਂ ਕੀਤੇ ਹਮਲੇ ਕਾਰਨ ਪਿੰਡ ਅੰਮੀਵਾਲ ਦੇ ਇਕ ਵਿਅਕਤੀ ਦੀ ਮੋਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਪਿੰਡ ਅੰਮੀਵਾਲ ਦੇ ਸਰਪੰਚ ਰੇਸ਼ਮ ਸਿੰਘ, ਸੁਰਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦਸਿਆ ਕਿ ਬੀਤੇ ਦਿਨ ਜੰਗਲੀ ਸੂਰਾਂ ਵਲੋਂ ਖੇਤਾਂ ਵਿਚ ਕੰਮ ਕਰਦੇ ਪਿੰਡ ਦੇ ਚਮਕੌਰ ਸਿੰਘ (55) ਪੁੱਤਰ ਬਲਵੀਰ ਸਿੰਘ ਉਪਰ ਹਮਲਾ ਕਰ ਦਿਤਾ ਗਿਆ।
ਇਸ ਦੌਰਾਨ ਉਸ ਨੇ ਹੋਰ ਲੋਕਾਂ ਨੂੰ ਵੀ ਜ਼ਖ਼ਮੀ ਕਰ ਦਿਤਾ। ਗੰਭੀਰ ਜ਼ਖ਼ਮੀ ਹੋਣ ਕਾਰਨ ਚਮਕੌਰ ਸਿੰਘ ਦੀ ਮੋਤ ਹੋ ਗਈ। ਸਰਪੰਚ ਨੇ ਦਸਿਆ ਕਿ ਇਸ ਘਟਨਾ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲਾਗਲੇ ਪਿੰਡਾਂ ਦੇ ਲੋਕ ਵੀ ਦਹਿਸ਼ਤ ਵਿਚ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਸੂਰਾਂ ਤੋਂ ਸੁਚੇਤ ਰਹਿਣ ਅਤੇ ਘਰੋਂ ਬਾਹਰ ਨਾ ਆਉਣ ਲਈ ਕਿਹਾ ਗਿਆ ਹੈ।