
ਕੋਰਟ ਦੇ ਚੌਕੀਦਾਰ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਬਰਨਾਲਾ, 11 ਅਕਤੂਬਰ (ਪਪ): ਲੰਘੀਂ ਰਾਤ ਜ਼ਿਲ੍ਹਾ ਕਚਹਿਰੀਆਂ ਦੀ ਰਾਖੀ ਲਈ ਤਾਇਨਾਤ ਕੋਰਟ ਦੇ ਚੌਕੀਦਾਰ ਵਲੋਂ ਕਮਰੇ ਦੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਵਿਚ ਚੌਕੀਦਾਰ ਦੀ ਨੌਕਰੀ ਕਰਦੇ ਪਰਮਿੰਦਰ ਸਿੰਘ (42) ਨੇ ਰਾਤ ਸਮੇਂ ਅਪਣੇ ਕਮਰੇ ਵਿਚ ਲੱਗੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਕੇ ਆਤਮ-ਹਤਿਆ ਕਰ ਲਈ। ਪਰਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸਵੇਰੇ 7:30 ਕੁ ਜਵੇਂ ਉਦੋਂ ਪਤਾ ਲਗਿਆ ਜਦ ਉਸ ਦਾ ਪੁੱਤਰ ਰੋਜ਼ਾਨਾ ਦੀ ਤਰ੍ਹਾਂ ਉਸ ਦੀ ਚਾਹ ਲੈ ਕੇ ਕੋਰਟ ਪਹੁੰਚਿਆ। ਇਸ ਘਟਨਾ ਦੀ ਸੂਚਨਾ ਉਨ੍ਹਾਂ ਤੁਰਤ ਅਪਣੇ ਪਰਵਾਰਕ ਮੈਂਬਰਾਂ ਨੂੰ ਦਿਤੀ। ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਸਿਟੀ 2 ਦੀ ਪੁਲਿਸ ਕੋਰਟ ਵਿਚ ਬਣੇ ਬਖ਼ਸੀਖ਼ਾਨੇ ਦੇ ਨੇੜੇ ਬਣੇ ਚੌਕੀਦਾਰ ਦੇ ਕਮਰੇ ਵਿਚ ਮਾਮਲੇ ਦੀ ਜਾਂਚ ਕਰ ਕੇ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਪਰਵਾਰਕ ਮੈਂਬਰਾਂ ਅਨੁਸਾਰ ਪਰਮਿੰਦਰ ਸਿੰਘ ਦੇ ਘਰ ਵਿਚ ਕਲੇਸ਼ ਰਹਿੰਦੇ ਸੀ ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਕਾਫ਼ੀ ਸਮੇਂ ਤੋਂ ਪਰਮਿੰਦਰ ਸਿੰਘ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਮਾਨਸਕ ਪ੍ਰੇਸ਼ਾਨ ਵੀ ਰਹਿੰਦਾ ਸੀ। ਕੇਸ ਦੇ ਤਫ਼ਤੀਸ਼ੀ ਅਧਿਕਾਰੀ ਨੇ ਦਸਿਆ ਕਿ ਜਾਂਚ ਜਾਰੀ ਹੈ, ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।