
ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਕਾਰ ਦੂਰੀਆਂ ਘਟੀਆਂ, ਦੋਹਾਂ ਪਾਸਿਆਂ ਤੋਂ ਮਿਲੇ ਸਕਾਰਾਤਮਕ ਸੰਕੇਤ : ਹਰੀਸ਼ ਰਾਵਤ
ਕਿਹਾ, ਸਿੱਧੂ ਨੂੰ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਨਾਲ ਖੜਾ ਕਰਨਾ ਚੁਨੌਤੀ ਭਰਿਆ
ਨਵੀਂ ਦਿੱਲੀ, 11 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਕੜਵਾਹਟ ਹੋਣ ਦੀ ਲੰਮੇ ਸਮੇਂ ਤੋਂ ਆ ਰਹੀ ਖ਼ਬਰਾਂ ਬਾਰੇ ਕਾਂਗਰਸ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਹੀਰਸ਼ ਰਾਵਤ ਨੇ ਐਤਵਾਰ ਨੂੰ ਕਿਹਾ ਕਿ ਦੋਨਾਂ ਆਗੂਆਂ ਵਿਚਾਲੇ ਦੂਰੀਆਂ ਘੱਟ ਗਈਆਂ ਹਨ ਅਤੇ ਨਾਲ ਕੰਮ ਕਰਨ ਨੂੰ ਲੈ ਕੇ ਦੋਨਾਂ ਤਰਫੋਂ ਸਕਾਰਾਤਮਕ ਸੰਕੇਤ ਵੀ ਮਿਲੇ ਹਨ।
ਰਾਵਤ ਨੇ ਪੀਟੀਆਈ-ਭਾਸ਼ਾ ਨੂੰ ਦਿਤੇ ਇਕ ਇੰਟਰਵੀਊ ਵਿਚ ਕਿਹਾ ਕਿ ਸਿੱਧੂ ਨੂੰ ਪੰਜਾਬ 'ਚ ਕਾਂਗਰਸ ਦੀ ਮੌਜੂਦਾ ਲੀਡਰਸ਼ਿੱਪ ਨਾਲ ਖੜਾ ਕਰਨਾ ਇਕ ਚੁਨੌਤੀ ਭਰਿਆ ਕੰਮ ਹੈ, ਪਰ ਉਹ ਇੰਚਾਰਜ ਵਜੋਂ ਇਸ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਹੀ ਸਾਬਕਾ ਕ੍ਰਿਕਟਰ ਨੂੰ ਰਾਹੁਲ ਗਾਂਧੀ ਨਾਲ ਮਿਲਵਾਇਆ ਜਾਵੇ। ਨਾਲ ਹੀ, ਉਨ੍ਹਾਂ ਕਿਹਾ ਕਿ ਸਿੱਧੂ ਇਹ ਸਮਝਦੇ ਹਨ ਕਿ ਕਾਂਗਰਸ ਤੋਂ ਬਿਹਤਰ ਮੰਚ ਉਨ੍ਹਾਂ ਨੂੰ ਨਹੀਂ ਮਿਲ ਸਕਦਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਕੰਮਕਾਜ ਤੋਂ ਅਸੰਤੁਸ਼ਟ ਨਾ ਹੋਣ ਅਤੇ ਦੂਜੇ ਪ੍ਰਧਾਨ ਦੀ ਚੋਣ ਦੀ ਜਾਖੜ ਦੀ ਚੁਣੌਤੀ ਸਬੰਧੀ ਖ਼ਬਰਾਂ 'ਤੇ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਜਾਖੜ ਦੇ ਕੰਮ ਅਸੰਤੁਸ਼ਟੀ ਨਹੀਂ ਜਾਹਰ ਕੀਤੀ ਅਤੇ ਇਹ ਗ਼ੈਰ ਜ਼ਰੂਰੀ ਵਿਵਾਦ ਖੜਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨੂੰ ਬਦਲਨ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈੇ ਹੈ। ਰਾਵਤ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਕਾਂਗਰਸ ਦੇ ਰਾਜਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋਂ ਦੀ ਨਾਰਾਜ਼ਗੀ ਦਾ ਮੁੱਦਾ ਜਲਦ ਹੀ ਸੁਲਝਾ ਲਿਆ ਜਾਵੇਗਾ ਕਿਉਂਕਿ ਰਾਹੁਲ ਗਾਂਧੀ ਨੇ ਹਾਲਿਆ ਪੰਜਾਬ ਦੌਰੇ ਦੇ ਸਮੇਂ ਬਾਜਵਾ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਅਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖੀ। ਰਾਵਤ ਨੇ ਕਿਹਾ, ''ਸਿੱਧੂ ਨੂੰ ਕੇਂਦਰੀ ਲੀਡਰਸ਼ਿੱਪ ਤੋਂ ਕੋਈ ਨਾਰਾਜ਼ਗੀ ਨਹੀਂ ਹੈ ਰਾਹੁਲ ਜੀ ਅਤੇ ਪ੍ਰਿਅੰਕਾ ਜੀ ਦੇ ਪ੍ਰਤੀ ਉਨ੍ਹਾਂ ਦੀ ਪੂਰੀ ਵਚਨਬੱਧਤਾ ਹੈ। ਪਰ ਉਨ੍ਹਾਂ ਨੂੰ ਪੰਜਾਬ 'ਚ ਮੌਜੂਦਾ ਲੀਡਰਸ਼ਿੱਪ ਨਾਲ ਖੜਾ ਕਰਨਾ ਚੁਨੌਤੀਪੂਰਣ ਕੰਮ ਹੈ। ਮੇਰੀ ਕੋਸ਼ਿਸ਼ ਹੈ ਕਿ ਉਹ ਖੜੇ ਹੋਣ।'' ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਸਾਰੇ ਆਗੂ ਸੂਬੇ 'ਚ ਇਕ ਉਦੇਸ਼ ਨਾਲ ਕੰਮ ਕਰਨ ਅਤੇ ਉਨ੍ਹਾਂ 'ਚ ਸਿੱਧੂ ਵੀ ਖੜੇ ਹੋਣ। ਫਿਲਹਾਲ ਸਾਡਾ ਉਦੇਸ਼ ਕਿਸਾਨਾਂ ਵਿਰੁਧ ਆਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੜਨਾ ਹੈ।''
ਰਾਵਤ ਨੇ ਖੇਤੀਬਾੜੀ ਨਾਲ ਜੁੜੇ ਕੇਂਦਰੀ ਕਾਨੂੰਨਾਂ ਬਾਰੇ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਜਲਦ ਹੀ ਇਕ ਕਾਨੂੰਨ ਪਾਸ ਕੀਤਾ ਜਾਵੇਗਾ ਅਤੇ ਫਿਲਹਾਲ ਇਸ ਦੇ ਕਾਨੂੰਨੀ ਪਹਿਲੂਆਂ 'ਤੇ ਚਰਚਾ ਚੱਲ ਰਹੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੁਧ 'ਚ ਅਕਾਲੀ ਦਲ ਦੇ ਮੋਦੀ ਸਰਕਾਰ ਤੋਂ ਵੱਖ ਹੋਣ ਨੂੰ ਭਾਜਪਾ ਅਤੇ ਅਕਾਲੀ ਦਲ ਦੇ ਵਿਚਕਾਰ ਨੂਰਾ-ਕੁਸ਼ਤੀ ਕਰਾਰ ਦਿਤਾ ਅਤੇ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਅਕਾਲੀ ਦਲ ਮੁੜ ਸਰਕਾਰ ਦਾ ਹਿੱਸਾ ਬਣ ਜਾਵੇਗਾ। (ਪੀਟੀਆਈ)
image