
ਖੇਤੀ ਕਾਨੂੰਨਾਂ ਦੀ ਵਾਪਸੀ ਤਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣ ਦਾ ਅਹਿਦ
ਨਵੀਂ ਦਿੱਲੀ/ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦਾ ਅਸਰ ਹੁਣ ਦਿੱਲੀ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਅੱਜ ਜੰਤਰ ਮੰਤਰ 'ਚ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ਼ ਧਰਨਾ ਲਾਇਆ ਗਿਆ। ਧਰਨੇ 'ਚ ਪਹੁੰਚੇ ਆਮ ਆਗੂਆਂ ਨੇ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਵੱਲ ਨਿਸ਼ਾਨੇ ਸਾਧਦਿਆਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨਾਲ ਸਿੱਧਾ ਧੱਕਾ ਕਰਾਰ ਦਿਤਾ। ਬਾਅਦ 'ਚ ਦਿੱਲੀ ਪੁਲਿਸ ਨੇ ਭਗਵੰਤ ਮਾਨ ਸਮੇਤ ਬਾਕੀ ਪਾਰਟੀ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਹੈ।
Bhagwant Mann
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਧਰਨਿਆਂ 'ਚ ਤਸਵੀਰਾਂ ਖਿਚਵਾਉਣ ਲਈ ਨਹੀਂ ਬੈਠੇ, ਇਹ ਉਨ੍ਹਾਂ ਦਾ ਫ਼ਸਲ ਦਾ ਸੀਜ਼ਨ ਹੈ ਅਤੇ ਉਹ ਖੇਤਾਂ 'ਚ ਹੋਣ ਦੀ ਬਜਾਏ ਰੇਲਵੇ ਟਰੈਕ 'ਤੇ ਕਿਉਂ ਬੈਠੇ ਹਨ? ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਇਹ ਕਾਲੇ ਕਾਨੂੰਨ ਪੂੰਜੀਪਤੀਆਂ ਲਈ ਬਣਾਏ ਗਏ ਹਨ ਅਤੇ ਆਪਣੀਆਂ ਜ਼ਮੀਨਾਂ ਹੁੰਦੇ ਹੋਏ ਵੀ ਇਨ੍ਹਾਂ ਕਾਨੂੰਨਾਂ ਤਹਿਤ ਉਹ ਮਾਲਕ ਨਹੀਂ ਰਹਿਣਗੇ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਮਿੱਟੀ 'ਚੋਂ ਸੋਨਾ ਉਗਾ ਸਕਦਾ ਹੈ ਤਾਂ ਆਪਣੀ ਜ਼ਮੀਨ ਬਚਾਉਣ ਲਈ ਕੁੱਝ ਵੀ ਕਰ ਸਕਦਾ ਹੈ। ਇਸ ਲਈ ਮੋਦੀ ਸਰਕਾਰ ਨੂੰ ਹਰ ਹਾਲ 'ਚ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
Bhagwant Mann
ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਮੇਤ ਰਵਾਇਤੀ ਪਾਰਟੀਆਂ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਹ ਕਿਸਾਨੀ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਗੂ ਲੋਕ ਸਭਾ 'ਚ ਕੁੱਝ ਹੋਰ ਕਹਿ ਦਿੰਦੇ ਹਨ ਜਦਕਿ ਕਿਸਾਨਾਂ 'ਚ ਜਾ ਕੇ ਕੁੱਝ ਹੋਰ ਹੀ ਕਹਿਣ ਦੀ ਮਾਨਸਿਕਤਾ ਦੇ ਸ਼ਿਕਾਰ ਹਨ। ਪਰ ਹੁਣ ਟੈਕਨਾਲੋਜੀ ਦਾ ਜ਼ਮਾਨਾ ਹੈ। ਅੱਜ ਕਿਸਾਨਾਂ ਦੇ ਧੀਆਂ ਪੁੱਤਰ ਪੜ੍ਹ ਲਿਖ ਕੇ ਜਾਗਰੂਕ ਹੋ ਚੁੱਕੇ ਹਨ ਅਤੇ ਸਿਆਸਤਦਾਨਾਂ ਦੀਆਂ ਹਰ ਹਰਕਤ 'ਤੇ ਸੋਸ਼ਲ ਮੀਡੀਆਂ ਸਮੇਤ ਹੋਰ ਪਲੇਟਫਾਰਮਾਂ ਜ਼ਰੀਏ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਇਨ੍ਹਾਂ ਦੀਆਂ ਮੋਮੋਠੱਗਣੀਆਂ ਗੱਲਾਂ 'ਚ ਨਹੀਂ ਆਉਣਗੇ।
Bhagwant Mann
ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਭਗਵੰਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਾਨੂੰਨ ਕਾਰਰਪੋਰੇਟ ਘਰਾਣਿਆਂ ਦੇ ਹਿਤਾਂ ਨੂੰ ਧਿਆਨ 'ਚ ਰਖਦਿਆਂ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੁਕ-ਲੁਕਾ ਕੇ ਦਿੱਲੀ ਪਹੁੰਚੇ ਹਾਂ ਤੇ ਇਸ ਤਰ੍ਹਾਂ ਲੱਗ ਰਿਹੈ ਜਿਵੇਂ ਅਸੀਂ ਦਿੱਲੀ ਲੁੱਟਣ ਆਏ ਹੋਈਏ, ਪਰ ਅਸੀਂ ਦਿੱਲੀ ਲੁੱਟਣ ਨਹੀਂ ਬਲਕਿ ਅਪਣੇ ਘਰ ਬਚਾਉਣ ਆਏ ਹਾਂ।
ਉਨ੍ਹਾਂ ਕਿਹਾ ਕਿ ਪੰਜਾਬੀ ਉਹ ਕੌਮ ਹਨ ਜੋ ਧਾੜਵੀਆਂ ਨਾਲ ਲੋਹਾ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ ਬਲਕਿ ਲੋਕ ਵਿਰੋਧੀ ਹੈ। ਇਸ ਦਾ ਅਸਰ ਹਰ ਉਸ ਵਿਅਕਤੀ 'ਤੇ ਪੈਣਾ ਤੈਅ ਹੈ ਜੋ ਕਿਸੇ ਨਾਲ ਕਿਸੇ ਪੱਖੋਂ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕਾਨੂੰਨ ਵਾਪਸ ਲੈਣ ਤਕ ਕਿਸਾਨੀ ਸੰਘਰਸ਼ 'ਚ ਹਰ ਪ੍ਰਕਾਰ ਦਾ ਸਾਥ ਦੇਣ ਦਾ ਐਲਾਨ ਕੀਤਾ।