
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਵਿਚ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ।
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਸਬੰਧੀ ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚ ਦੀ ਆਵਾਜ਼ ਬਣੇ…ਜ਼ੁਲਮ ਦੇ ਸਤਾਏ ਰਾਜਿਆਂ ਦੀ ਮਦਦ ਲਈ ਅੱਗੇ ਆਏ…ਮਹਾਨ ਦਿਨ ਨੂੰ ਸਿੱਖ ਇਤਿਹਾਸ ਨੇ ਬੰਦੀ ਛੋੜ ਦਾ ਨਾਮ ਦੇ ਦਿੱਤਾ…ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ….। ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਉਹਨਾਂ ਨੇ ਲਿਖਿਆ ਕਿ ਰੌਸ਼ਨੀਆਂ ਦੇ ਤਿਓਹਾਰ ਦੀਵਾਲੀ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਦੀਵਾਲੀ ਸਭ ਲਈ ਤੰਦਰੁਸਤੀਆਂ ਤਰੱਕੀਆਂ ਲੈ ਕੇ ਆਵੇ…ਖ਼ੁਸ਼ੀਆਂ ਖੇੜੇ ਬਣੇ ਰਹਿਣ…।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
''ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ। ਰੌਸ਼ਨੀਆਂ ਦੇ ਇਸ ਪਵਿੱਤਰ ਤਿਉਹਾਰ 'ਤੇ ਤੁਹਾਡੇ ਜੀਵਨ ਵਿਚ ਬਹੁਤ ਸਾਰੀਆਂ ਖੁਸ਼ੀਆਂ, ਖੁਸ਼ਹਾਲੀ ਅਤੇ ਸਫ਼ਲਤਾ ਹੋਵੇ।
ਇਹ ਰੌਸ਼ਨੀ ਦਾ ਤਿਉਹਾਰ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸ਼ੁੱਭ ਦਿਹਾੜੇ 'ਤੇ ਪਟਾਕਿਆਂ ਦੀ ਬਜਾਏ ਦੀਵੇ ਜਗਾਓ, ਆਪਣੇ ਘਰ ਨੂੰ ਰੌਸ਼ਨੀ ਨਾਲ ਰੌਸ਼ਨ ਕਰੋ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
''ਦੇਸ਼ ਵਿਚ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।'' ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਵਿਚ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀ ਦੀਵਾਲੀ ਦੀ ਵਧਾਈ
''ਦੀਵਾਲੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ!''
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਸੁਨੇਹਾ
''ਬੰਦੀ ਛੋੜ ਦਿਵਸ ਮੌਕੇ ਆਓ ਅਪਣੀ ਹਉਮੈ ਦਾ ਤਿਆਗ ਕਰ ਕੇ ਰਲ ਮਿਲ ਕੇ ਇਕ ਹੋ ਬੈਠੀਏ ਤੇ ਅਪਣੀ ਸਾਂਝੀ ਕੌਮੀ ਤਾਕਤ ਨੂੰ ਪੰਥ ਦੇ ਹੱਕਾਂ-ਹਕੂਕਾਂ ਲਈ ਖਰਚ ਕਰੀਏ''
ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿੱਤਾ ਸੁਨੇਹਾ
''ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਦੇ ਦਿਨ ਦਾ ਮਹੱਤਵ ਦੱਸਦਿਆ ਵਿਸ਼ਵ ਭਰ 'ਚ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।''
ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਮੌਕੇ 'ਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਲਈ ਪੁੱਜੀਆਂ, ਸੰਗਤਾਂ ਨੇ ਇਸ ਦਿਹਾੜੇ ਦਾ ਮਹੱਤਵ ਦੱਸਿਆ ਤੇ ਕਿਹਾ ਕਿ ਇਹ ਦਿਹਾੜਾ ਮਾਨਵਤਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਨੂੰ ਮੁਗ਼ਲ ਕੈਦ ਵਿਚੋਂ ਰਿਹਾਅ ਕਰਵਾ ਕੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਪਰਉਪਕਾਰ ਦੀ ਮਿਸਾਲੀ ਉਦਾਹਰਨ ਪੇਸ਼ ਕੀਤੀ ਸੀ। ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਸੰਗਤਾਂ ਨੇ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ ਲਾਈਟਾਂ ਤੇ ਦੀਪਮਾਲਾ ਨਾਲ ਰੁਸ਼ਨਾਉਣਾ ਹੈ, ਉਥੇ ਹੀ ਸ਼ਬਦ ਗੁਰੂ ਦੀ ਸਾਧਨਾ ਦੁਆਰਾ ਮਨ ਵੀ ਰੌਸ਼ਨ ਕਰਨਾ ਹੈ। ਉਨ੍ਹਾਂ ਬੰਦੀ ਛੋੜ ਦਿਵਸ ਮੌਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਕੁਦਰਤ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ । ਸੰਗਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 'ਕਿਤਾਬਾਂ ਦੇ ਵਿਚ ਪੜਦੇ ਸੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ' ਅੱਜ ਉਹ ਗੱਲ ਇਥੋਂ ਦਾ ਨਜ਼ਾਰਾ ਦੇਖ ਸੱਚ ਸਾਬਿਤ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਬੜੇ ਖੁਸ਼ ਨਸੀਬ ਸਮਝਦੇ ਹਾਂ ਜਿਹੜਾ ਵਾਹਿਗੁਰੂ ਨੇ ਇਹ ਨਜ਼ਾਰਾ ਵੇਖਣ ਦਾ ਮੌਕਾ ਦਿੱਤਾ। ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਦੇਸ਼ ਵਿਦੇਸ਼ ਤੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਉਣ ਲਈ ਇਥੇ ਗੁਰੂ ਘਰ ਪੁੱਜੇ ਹਾਂ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦੇ ਹਾਂ।