
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਅਕਤੀ ਦੀ ਰਿਹਾਇਸ਼ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ।
ਅੰਮ੍ਰਿਤਸਰ: ਥਾਣਾ ਸਦਰ ਦੀ ਪੁਲਿਸ ਨੇ ਖੁਦ ਨੂੰ ਜੱਜ ਦੱਸਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ ਜੁਡੀਸ਼ੀਅਲ ਮੈਜਿਸਟ੍ਰੇਟ ਲਿਖੀ ਪਲੇਟ ਸਮੇਤ ਗੱਡੀ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਮਿਸ਼ੂ ਧੀਰ ਪੁੱਤਰ ਗੁਜਰਮੱਲ ਧੀਰ ਵਾਸੀ ਮਕਾਨ ਨੰਬਰ 1222/18 ਗਲੀ ਨੰਬਰ 01,ਸ਼ਾਸ਼ਤਰੀ ਨਗਰ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਦਰਅਸਲ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਕ ਮਿਸੂ ਧੀਰ ਨਾਮ ਦਾ ਵਿਅਕਤੀ ਗਲੀ ਨੰਬਰ 01 ਸ਼ਾਸ਼ਤਰੀ ਨਗਰ ਮਜੀਠਾ ਰੋਡ ਵਿਖੇ ਰਹਿ ਰਿਹਾ ਹੈ ਜੋ ਆਪਣੇ ਆਪ ਨੂੰ ਹਾਈਕੋਰਟ ਦਾ ਜੱਜ ਦੱਸਦਾ ਹੈ। ਉਸ ਨੇ ਆਪਣੀ ਪ੍ਰਾਈਵੇਟ ਗੱਡੀ ’ਤੇ ਝੰਡੀ ਲਗਾਈ ਹੈ ਅਤੇ ਗੱਡੀ ਦੇ ਅੱਗੇ ਨੇਮ ਪਲੇਟ ਉਪਰ ਜੁਡੀਸ਼ੀਅਲ ਮਜਿਸਟ੍ਰੇਟ ਲਿਖਵਾ ਰੱਖਿਆ ਹੈ। ਉਸ ਵਿਅਕਤੀ ਕੋਲ ਜੱਜ ਹੋਣ ਸਬੰਧੀ ਕੋਈ ਵੀ ਡਿਗਰੀ ਨਹੀ ਹੈ ਅਤੇ ਉਹ ਜੱਜ ਦੇ ਨਾਂਅ ’ਤੇ ਲੋਕਾਂ ਨਾਲ ਧੋਖਾਧੜੀ ਕਰਦਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਅਕਤੀ ਦੀ ਰਿਹਾਇਸ਼ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਹ ਆਪਣੇ ਜੱਜ ਹੋਣ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਪੇਸ਼ ਕਰ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।