
ਜੇਲ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਕੈਦੀ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ।
Punjab News: ਫ਼ਿਰੋਜ਼ਪੁਰ ਕੇਂਦਰੀ ਜੇਲ ਵਿਚੋਂ ਇਕ ਆਈਫੋਨ ਸਮੇਤ 16 ਮੋਬਾਈਲ ਬਰਾਮਦ ਹੋਏ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਕਿਸੇ ਜੇਲ ਵਿਚੋਂ ਆਈਫੋਨ ਮਿਲਿਆ ਹੈ। ਇਸ ਤੋਂ ਇਲਾਵਾ ਬੀੜੀਆਂ ਦੇ 65 ਬੰਡਲ ਅਤੇ ਤੰਬਾਕੂ ਦੇ 26 ਪੈਕਟ ਵੀ ਮਿਲੇ ਹਨ। ਇਸ ਮਾਮਲੇ 'ਚ 2 ਕੈਦੀਆਂ ਅਤੇ 3 ਬੰਦੀਆਂ ਸਮੇਤ ਕੁੱਲ 5 ਕੈਦੀਆਂ ਤੋਂ ਬਰਾਮਦਗੀ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁਛਗਿਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਾਮਾਨ ਜੇਲ ਦੇ ਅੰਦਰ ਕਿਵੇਂ ਪਹੁੰਚਿਆ।
ਜੇਲ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਕੈਦੀ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ। ਟੀਮ ਨੇ ਜਦੋਂ ਚੈਕਿੰਗ ਕੀਤੀ ਤਾਂ ਪੁਰਾਣੀ ਬੈਰਕ ਨੰਬਰ 8 ਦੇ ਬਾਹਰ ਭੱਠੀਆਂ ਨੇੜਿਓਂ 12 ਮੋਬਾਈਲ ਬਰਾਮਦ ਹੋਏ। ਇਨ੍ਹਾਂ ਵਿਚੋਂ ਇਕ ਸੁਨਹਿਰੀ ਰੰਗ ਦਾ ਆਈਫੋਨ ਵੀ ਬਰਾਮਦ ਹੋਇਆ ਹੈ। ਹਾਲਾਂਕਿ ਇਸ ਦੇ ਅੰਦਰ ਕੋਈ ਸਿਮ ਨਹੀਂ ਸੀ।
ਇਸ ਤੋਂ ਇਲਾਵਾ ਟਾਵਰ ਨੰਬਰ 7 ਅਤੇ 8 ਵਿਚਕਾਰ 4 ਪੈਕਟ ਸੁੱਟੇ ਗਏ ਮਿਲੇ ਹਨ। ਜਿਸ ਵਿਚ ਬੀੜੀ ਅਤੇ ਤੰਬਾਕੂ ਦੇ ਨਾਲ-ਨਾਲ ਮੋਬਾਈਲ ਫੋਨ ਵੀ ਸੀ। ਅਜਿਹਾ ਲਗਦਾ ਹੈ ਕਿ ਕਿਸੇ ਕੈਦੀ ਕੋਲ ਪਹੁੰਚਣ ਤੋਂ ਪਹਿਲਾਂ ਹੀ ਇਹ ਅਫਸਰਾਂ ਦੇ ਹੱਥਾਂ ਵਿਚ ਆ ਗਿਆ।
ਇਸੇ ਦੌਰਾਨ ਸਹਾਇਕ ਜੇਲ ਸੁਪਰਡੈਂਟ ਰਿਸ਼ਵਪਾਲ ਗੋਇਲ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਬੈਰਕ ਵਿਚ ਤਲਾਸ਼ੀ ਦੌਰਾਨ ਜੇਲ ਵਿਚ ਬੰਦ ਪ੍ਰਿੰਸ ਕੁਮਾਰ ਅਤੇ ਕੈਦੀ ਮਹਿੰਦਰ ਪ੍ਰਤਾਪ ਕੋਲੋਂ ਇਕ-ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜਦਕਿ ਵਾਰਡ ਨੰਬਰ 3 ਦੀ ਚੱਕੀ ਨੰਬਰ 4 ਤੋਂ ਨਜ਼ਰਬੰਦ ਮਨਵਿੰਦਰ ਸਿੰਘ, ਨਜ਼ਰਬੰਦ ਬਜਿੰਦਰ ਸਿੰਘ ਅਤੇ ਕੈਦੀ ਥਾਮਸ ਕੋਲੋਂ ਇਕ ਮੋਬਾਈਲ ਫੋਨ ਅਤੇ ਚਾਰਜਰ ਬਰਾਮਦ ਕੀਤਾ ਗਿਆ।
(For more news apart from 16 mobile phones including one iPhone recovered from Ferozepur Central Jail, stay tuned to Rozana Spokesman)