
ਸੁਸਾਈਡ ਨੋਟ 'ਚ ਜੀਆਰਪੀ ਦੇ ਐੱਸਐੱਚਓ ਅਤੇ ਮੁਨਸ਼ੀ ਦਾ ਨਾਂ ਵੀ ਲਿਖਿਆ ਹੋਇਆ ਹੈ।
Fatehgarh Sahib : ਬੀਤੀ ਰਾਤ ਤੋਂ ਸਰਹਿੰਦ ਜੀਆਰਪੀ 'ਚ ਤਾਇਨਾਤ ਏਐੱਸਆਈ ਸੁਖਵਿੰਦਰਪਾਲ ਸਿੰਘ ਲਾਪਤਾ ਹੈ। ASI ਸੁਖਵਿੰਦਰਪਾਲ ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੋਲੋਂ ਮਿਲੀ ਹੈ। ਨੇੜੇ ਹੀ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਜੀਆਰਪੀ ਦੇ ਐੱਸਐੱਚਓ ਤੇ ਮੁਣਸ਼ੀ ਉੱਥੇ ਉਸ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ ਹਨ। ਸੁਸਾਈਡ ਨੋਟ 'ਚ ਜੀਆਰਪੀ ਦੇ ਐੱਸਐੱਚਓ ਅਤੇ ਮੁਨਸ਼ੀ ਦਾ ਨਾਂ ਵੀ ਲਿਖਿਆ ਹੋਇਆ ਹੈ।
ਫਿਲਹਾਲ ਲਾਪਤਾ ਏਐੱਸਆਈ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਤੇ ਪਰਿਵਾਰ ਨੇ ਮਿਲ ਕੇ ਲਾਪਤਾ ਏਐੱਸਆਈ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੋਤਾਖੋਰ ਭਾਖੜਾ ਵਿਚ ਵੀ ਭਾਲ ਕਰ ਰਹੇ ਹਨ। ਐੱਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਫਿਲਹਾਲ ਏਐੱਸਆਈ ਦੇ ਲਾਪਤਾ ਹੋਣ ਦੀ ਡੀਡੀਆਰ ਮੂਲੇਪੁਰ ਥਾਣੇ ਵਿਖੇ ਦਰਜ ਕੀਤੀ ਗਈ ਹੈ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ, ਜਦੋਂ ਕੋਈ ਸੁਰਾਗ ਮਿਲਿਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੁਸਾਈਡ ਨੋਟ ਵਿੱਚ ਜਿਨ੍ਹਾਂ 2 ਵਿਅਕਤੀਆਂ ਦੇ ਨਾਂ ਲਿਖੇ ਹੋਏ ਹਨ, ਉਨ੍ਹਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਏਐੱਸਆਈ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਜੀਆਰਪੀ ਦੇ ਐੱਸਐੱਚਓ ਗੁਰਦਰਸ਼ਨ ਸਿੰਘ ਅਤੇ ਮੁਣਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਇਸ ਵਿਚ ਲਿਖਿਆ ਗਿਆ ਹੈ ਕਿ ਸਾਲ 2022 ਦੀ ਐੱਫਆਈਆਰ ਨੰਬਰ 18 'ਚ ਚਲਾਨ ਪੇਸ਼ ਕਰਨ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨੀ ਖੜ੍ਹੀ ਕੀਤੀ ਜਾ ਰਹੀ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ। ਫਤਿਹਗੜ੍ਹ ਸਾਹਿਬ ਪੁਲਿਸ ਨੇ ਕਾਰ ਅਤੇ ਸੁਸਾਈਡ ਨੋਟ ਦੋਵੇਂ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
(For more news apart from Fatehgarh Sahib, stay tuned to Rozana Spokesman)