
ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲਿਸ ਵਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਉ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ
ਚੰਡੀਗੜ੍ਹ, 12 ਜਨਵਰੀ (ਸੱਤੀ): ‘‘ਆਪ੍ਰੇਸ਼ਨ ਰੈੱਡ ਰੋਜ਼” ਤਹਿਤ ਸੂਬੇ ਵਿਚ ਸ਼ਰਾਬ ਦੀ ਤਸਕਰੀ ਵਿਰੁਧ ਅਪਣੀਆਂ ਕੋਸ਼ਿਸ਼ਾਂ ਜਾਰੀ ਰਖਦਿਆਂ ਆਬਕਾਰੀ ਵਿਭਾਗ, ਪੰਜਾਬ ਨੇ ਜ਼ੀਰਕਪੁਰ ਇਲਾਕੇ ਵਿਚ ਸਕੌਚ ਦੀਆਂ ਬੋਤਲਾਂ ਵਿਚ ਸਸਤੇ ਬ੍ਰਾਂਡ ਦੀ ਸ਼ਰਾਬ ਭਰਨ ਦੀ ਕਾਰਵਾਈ ਵਿਚ ਸ਼ਾਮਲ ਮੁੱਖ ਦੋਸ਼ੀ ਨੂੰ ਕਾਬੂ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਆਬਕਾਰੀ ਕਮਿਸ਼ਨਰ, ਪੰਜਾਬ ਰਾਜਤ ਅਗਰਵਾਲ (ਆਈ.ਏ.ਐੱਸ) ਅਤੇ ਆਈਪੀਐਸ, ਆਈ.ਜੀ. ਕਰਾਈਮ, ਪੰਜਾਬ ਮੁਨੀਸ਼ ਚਾਵਲਾ ਨੇ ਦਸਿਆ ਕਿ ਮੁਹਾਲੀ ਐਕਸਾਈਜ਼ ਨੇ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਵਿਅਕਤੀਆਂ ’ਤੇ ਮੁੜ ਸ਼ਿਕੰਜ਼ਾ ਕੱਸ ਦਿਤਾ ਹੈ।
ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਚੰਡੀਗੜ੍ਹ ਤੋਂ ਪੰਜਾਬ ਵਿਚ ਸਸਤੀ ਸ਼ਰਾਬ ਦੀ ਤਸਕਰੀ ਅਤੇ ਅੱਗੇ ਇਸ ਨੂੰ ਬਾਇਓ/ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿਚ ਭਰਨ ਦੀ ਕਾਰਵਾਈ ਵਿਚ ਸ਼ਾਮਲ ਹਨ। ਅੱਗੇ ਦੀ ਜਾਣਕਾਰੀ ਵਿਚ ਇਹ ਸਾਹਮਣੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ਼ ਜੇਪੀ ਇਸ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ। 4 ਤੇ 5 ਜਨਵਰੀ ਦੀ ਦਰਮਿਆਨੀ ਰਾਤ ਪੁਲਿਸ ਪਾਰਟੀ ਨੂੰ ਜ਼ੀਰਕਪੁਰ ਵਿਖੇ ਇਤਲਾਹ ਮਿਲੀ ਕਿ ਮੁਲਜ਼ਮ ਜਤਿੰਦਰਪਾਲ ਸਿੰਘ ਉਰਫ਼ ਜੇਪੀ ਨੂੰ ਖ਼ਾਲੀ ਬੋਤਲਾਂ, ਮੋਨੋ ਕਾਰਟਨਸ (ਡੱਬੇ) ਅਤੇ ਬਾਇਓ ਬ੍ਰਾਂਡਸ ਦੇ ਢੱਕਣਾਂ ਦੀ ਇਕ ਖੇਪ ਮਿਲੇਗੀ। ਦੋਸ਼ੀ ਨੂੰ ਰੰਗੇ ਹੱਥੀਂ ਫੜਨ ਲਈ ਮੁਹਾਲੀ ਐਕਸਾਈਜ ਅਤੇ ਐਕਸਾਈਜ਼ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਜ਼ੀਰਕਪੁਰ ਵਿਖੇ ਜਤਿੰਦਰਪਾਲ ਸਿੰਘ ਅਪਣੇ ਸਾਥੀਆਂ ਸਮੇਤ ਬੱਸ ’ਚੋਂ ਕੁੱਝ ਡੱਬੇ ਉਤਾਰ ਰਹੇ ਸਨ।
ਟੀਮਾਂ ਨੇ ਮੁਲਜ਼ਮ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹ ਕੇ ਸਫ਼ਲਤਾਪੂਰਵਕ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਟੀਮ ਨੂੰ ਖੇਪ ਵਿਚ ਬਲੈਕ ਲੇਬਲ ਦੀਆਂ 80 ਖ਼ਾਲੀ ਬੋਤਲਾਂ, ਬਲੈਕ ਲੇਬਲ ਦੇ 55 ਮੋਨੋ ਕਾਰਟਨਸ, ਰੈੱਡ ਲੇਬਲ ਦੀਆਂ 10 ਖ਼ਾਲੀ ਬੋਤਲਾਂ, ਚੀਵਾਸ ਰੀਗਲ ਦੇ 35 ਢੱਕਣ, ਚੀਵਾਸ ਰੀਗਲ ਦੇ 30 ਲੇਬਲ, ਚੀਵਾਸ ਰੀਗਲ ਦੇ 100 ਅਣਵਰਤੇ ਢੱਕਣ ਮਿਲੇ। ਟੀਮ ਨੂੰ ਮੌਕੇ ’ਤੇ ਮੁਲਜ਼ਮ ਦੀ ਕਾਰ ਵੀ ਮਿਲੀ ਜਿਸ ਵਿਚੋਂ ਵਿਚੋਂ ਰੈੱਡ ਲੇਬਲ ਦੇ 6 ਕੇਸ ਅਤੇ ਬਲੈਕ ਲੇਬਲ ਦੇ 2 ਕੇਸ ਮਿਲੇ।
ਜਤਿੰਦਰਪਾਲ ਸਿੰਘ, ਜਤਿੰਦਰ ਸਿੰਘ, ਕਰਨ ਗੋਸਵਾਮੀ, ਵਿਜੇ ਵਿਰੁਧ ਮੁਕੱਦਮਾ ਦਰਜ ਕਰ ਲਿਾ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਿਆ ਹੈ ਕਿ ਮੁਲਜ਼ਮ ਅਤੇ ਉਸਦੇ ਸਾਥੀਆਂ ਦੀ ਗੁਰਪ੍ਰੀਤ ਸਿੱਧੂ ਵਾਸੀ ਮੋਤੀਆ ਰਾਇਲ ਸਿਟੀ, ਜ਼ੀਰਕਪੁਰ ਨਾਲ ਕਾਫ਼ੀ ਨੇੜਤਾ ਸੀ। ਸਿੱਟੇ ਵਜੋਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਾਇਆ ਗਿਆ ਜਿਸ ਨੇ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਅਤੇ ਐਸਐਸਪੀ, ਮੁਹਾਲੀ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਟੀਮਾਂ ਨੇ ਮਾਮਲੇ ਵਿੱਚ ਅੱਗੇ ਜਾਂਚ ਪੜਤਾਲ ਕੀਤੀ ਅਤੇ ਗੁਰਪ੍ਰੀਤ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਟੀਮਾਂ ਨੇ ਸੈਕਟਰ 29 ਵਿਚ ਚੰਡੀਗੜ੍ਹ ਅਧਾਰਤ ਸ਼ਰਾਬ ਦੇ ਠੇਕੇਦਾਰ ਆਸੂ ਗੋਇਲ ਦੇ ਇਕ ਗੋਦਾਮ ਉਤੇ ਵੀ ਛਾਪਾ ਮਾਰਿਆ ਜਿੱਥੇ ਸ਼ਰਾਬ ਦੇ ਵੱਖ ਵੱਖ ਬਾਂਡਸ ਦੇ 1966 ਕੇਸ (ਬਿਨਾਂ ਹੋਲੋਗ੍ਰਾਮ) ਮਿਲੇ। ਅਗਲੇਰੀ ਜਾਂਚ ਲਈ ਚੰਡੀਗੜ੍ਹ ਐਕਸਾਈਜ ਅਤੇ ਚੰਡੀਗੜ੍ਹ ਪੁਲਿਸ ਦੀ ਹਾਜ਼ਰੀ ਵਿਚ ਗੋਦਾਮ ਨੂੰ ਸੀਲ ਕਰ ਦਿਤਾ ਗਿਆ। ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ.) ਅਤੇ ਆਈ.ਜੀ. ਕਰਾਈਮ, ਪੰਜਾਬ ਮੁਨੀਸ ਚਾਵਲਾ (ਆਈਪੀਐਸ) ਨੇ ਦੁਹਰਾਇਆ ਕਿ ਜਿੱਥੋਂ ਤੱਕ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਜੁੜੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦਾ ਸਬੰਧ ਹੈ, ਕਿਸੇ ਨੂੰ ਵੀ ਬਖਸÇਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਸ਼ਿਕਾਇਤ ਨੰਬਰ 9875961126 ਸ਼ੁਰੂ ਕੀਤਾ ਗਿਆ ਹੈ।