
ਗੁਰਨਾਮ ਚੜੂਨੀ ਨੇ ਕਿਹਾ ਕਿ ਜਦੋਂ ਮੈਂ ਮਿਸ਼ਨ ਪੰਜਾਬ ਦੀ ਗੱਲ ਕੀਤੀ ਸੀ ਤਾਂ ਮੈਨੂੰ ਸੰਯੁਕਤ ਕਿਸਾਨ ਮੋਰਚੇ ਵਿਚੋਂ ਬਾਹਰ ਕੱਢਿਆ ਗਿਆ ਪਰ ਮੈਂ ਅਪਣਾ ਸਟੈਂਡ ਸਪੱਸ਼ਟ ਰੱਖਿਆ।
ਚੰਡੀਗੜ੍ਹ: ਕਿਸਾਨ ਅੰਦੋਲਨ ਫਤਹਿ ਕਰਨ ਮਗਰੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਮੈਦਾਨ ਵਿਚ ਉਤਰੀਆਂ ਕਿਸਾਨਾਂ ਦੀਆਂ ਪਾਰਟੀਆਂ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਸੀਟਾਂ ਦੀ ਵੰਡ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈਆਂ ਹਨ। ਦਰਅਸਲ ਸੰਯੁਕਤ ਸੰਘਰਸ਼ ਪਾਰਟੀ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ’ਤੇ ਗੰਭੀਰ ਆਰੋਪ ਲਗਾਏ ਹਨ। ਉਹਨਾਂ ਕਿਹਾ ਕਿ ਬਲਬੀਰ ਰਾਜੇਵਾਲ ਵਲੋਂ ਉਹਨਾਂ ਨੂੰ ਘੱਟ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਗੁਰਨਾਮ ਚੜੂਨੀ ਨੇ ਕਿਹਾ ਕਿ ਜਦੋਂ ਮੈਂ ਕਿਸਾਨ ਅੰਦੋਲਨ ਦੌਰਾਨ ਮਿਸ਼ਨ ਪੰਜਾਬ ਦੀ ਗੱਲ ਕੀਤੀ ਸੀ ਤਾਂ ਮੈਨੂੰ ਸੰਯੁਕਤ ਕਿਸਾਨ ਮੋਰਚੇ ਵਿਚੋਂ ਬਾਹਰ ਕੱਢਿਆ ਗਿਆ ਪਰ ਮੈਂ ਅਪਣਾ ਸਟੈਂਡ ਸਪੱਸ਼ਟ ਰੱਖਿਆ।
ਉਹਨਾਂ ਕਿਹਾ ਕਿ ਅਸੀਂ ਚੋਣਾਂ ਲਈ ਕਰੀਬ 50 ਸੀਟਾਂ ਲਈ ਅਪਣੇ ਉਮੀਦਵਾਰ ਤਿਆਰ ਕੀਤੇ। ਅੰਦੋਲਨ ਖਤਮ ਹੋਣ ਮਗਰੋਂ ਰਾਜੇਵਾਲ ਸਾਬ੍ਹ ਹੁਰਾਂ ਨੇ ਵੀ ਚੋਣ ਲੜਨ ਦੀ ਸਲਾਹ ਬਣਾਈ। ਜਦੋਂ ਅਸੀਂ ਅੰਦੋਲਨ ਇਕੱਠੇ ਹੋ ਕੇ ਲੜਿਆ ਤਾਂ ਸਾਨੂੰ ਚੋਣਾਂ ਵਿਚ ਵੀ ਇਕੱਠੇ ਹੋਣਾ ਚਾਹੀਦਾ ਸੀ। ਇਹਨਾਂ ਨੇ ਮੇਰੇ ਨਾਲ ਸਲਾਹ ਕਰਨ ਦੀ ਬਜਾਏ ਕੇਜਰੀਵਾਲ ਨਾਲ ਹੱਥ ਮਿਲਾਇਆ। ਇਹ ਕੇਜਰੀਵਾਲ ਦੇ ਨਿਸ਼ਾਨ ਹੇਠ ਚੋਣਾਂ ਲੜਨੀਆਂ ਚਾਹੁੰਦੇ ਸਨ ਪਰ ਸਮਝੌਤਾ ਨਹੀਂ ਹੋ ਸਕਿਆ। ਲੋਕਾਂ ਦਾ ਵਿਰੋਧ ਦੇਖ ਕੇ ਇਹਨਾਂ ਨੇ ਅਪਣਾ ਮੰਚ ਬਣਾਇਆ ਅਤੇ ਚੋਣਾਂ ਲੜਨ ਦਾ ਐਲਾਨ ਕੀਤਾ।
ਗੁਰਨਾਮ ਚੜੂਨੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਬਣਨ ਤੋਂ ਬਾਅਦ ਉਹ ਲਗਾਤਾਰ ਉਹਨਾਂ ਕੋਲ ਅਪਣੇ ਲੋਕਾਂ ਨੂੰ ਭੇਜ ਕੇ ਇਕੱਠੇ ਚੋਣਾਂ ਲੜਨ ਲਈ ਕਹਿ ਰਹੇ ਹਨ ਪਰ ਇਹ ਸਾਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ। ਅਸੀਂ ਅਪੀਲ ਵੀ ਕੀਤੀ ਕਿ ਅਸੀਂ ਇਕੱਠੇ ਹੋ ਕੇ ਲੜੀਏ। ਅਸੀਂ ਛੇ ਮਹੀਨੇ ਪਹਿਲਾਂ ਹੀ ਮਿਸ਼ਨ ਪੰਜਾਬ ਸ਼ੁਰੂ ਕੀਤਾ ਸੀ ਪਰ ਹੁਣ ਇਹ ਸਾਨੂੰ ਸਿਰਫ 9 ਸੀਟਾਂ ਦੇ ਰਹੇ ਹਨ।
ਉਹਨਾਂ ਦੱਸਿਆ ਕਿ ਕਾਫੀ ਕੋਸ਼ਿਸ਼ ਤੋਂ ਬਾਅਦ ਰਾਜੇਵਾਲ ਸਾਬ੍ਹ ਉਹਨਾਂ ਨੂੰ 25 ਸੀਟਾਂ ਦੇਣ ਲਈ ਮੰਨ ਗਏ ਸੀ ਪਰ ਇਸ ਤੋਂ ਬਾਅਦ ਉਹ ਵਾਪਸ 9 ਸੀਟਾਂ ਉੱਤੇ ਆ ਗਏ। ਇੱਥੋਂ ਤੱਕ ਕਿ ਹੁਣ ਤਾਂ ਉਹਨਾਂ ਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕੀਤੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਇਕ ਦਿਨ ਇੰਤਜ਼ਾਰ ਕਰਾਂਗੇ, ਨਹੀਂ ਤਾਂ ਅਸੀਂ ਅਪਣੇ ਵੱਖਰੇ ਉਮੀਦਵਾਰ ਉਤਾਰਾਂਗੇ। ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿਸਾਨ ਅੰਦੋਲਨ ਦੌਰਾਨ ਵੀ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਹੈ।