
ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੋਂ ਬਾਅਦ ਕੇਂਦਰ ਨੂੰ ਦਿੱਤੀ ਸਖ਼ਤ ਚੇਤਾਵਨੀ
ਚੰਡੀਗੜ੍ਹ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕੇਂਦਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਦੁਬਾਰਾ ਮੁੜੇ ਤਾਂ ਹੁਣ ਸੜਕਾਂ ਉੱਤੇ ਨਹੀਂ ਸਗੋਂ ਸੰਸਦ ਵਿਚ ਧਰਨਾ ਦੇਵਾਂਗੇ। ਵੀਡੀਓ ਸੰਦੇਸ਼ ਜਾਰੀ ਕਰਦਿਆਂ ਗੁਰਨਾਮ ਚੜੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਲੋਕਾਂ ਦੀ ਕੁਰਬਾਨੀ ਦਿੱਤੀ ਗਈ ਅਤੇ ਕਿਸਾਨ ਸਾਢੇ 12 ਮਹੀਨੇ ਸੜਕਾਂ ’ਤੇ ਬੈਠੇ ਰਹੇ, ਇਸ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ।
Gurnam Singh Charuni
ਉਹਨਾਂ ਕਿਹਾ ਕਿ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਬੋਲ ਰਹੇ ਹਨ ਕਿ ਖੇਤੀ ਕਾਨੂੰਨ ਤਾਂ ਚੰਗੇ ਸੀ ਪਰ ਕੁਝ ਲੋਕਾਂ ਦੇ ਦਬਾਅ ਕਾਰਨ ਸਾਨੂੰ ਇਕ ਕਦਮ ਪਿੱਛੇ ਹਟਣਾ ਪਿਆ, ਅਸੀਂ ਫਿਰ ਅੱਗੇ ਵਧਾਂਗੇ। ਸਰਕਾਰ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਕਿਹਾ ਕਿ ਜੇਕਰ ਫਿਰ ਤੋਂ ਤੋੜ ਮਰੋੜ ਕੇ ਅਜਿਹੇ ਨਵੇਂ ਕਾਨੂੰਨ ਪੇਸ਼ ਕੀਤੇ ਗਏ, ਜਿਨ੍ਹਾਂ ਨਾਲ ਕਿਸਾਨਾਂ ਦਾ ਜਾਂ ਦੇਸ਼ ਦਾ ਨੁਕਸਾਨ ਹੁੰਦਾ ਹੋਵੇਗਾ ਤਾਂ ਅਸੀਂ ਅੱਗੇ ਵਧਾਂਗੇ। ਜੇਕਰ ਅਸੀਂ ਦੁਬਾਰਾ ਅੱਗੇ ਵਧੇ ਤਾਂ ਸੜਕਾਂ ਤੱਕ ਸੀਮਤ ਨਹੀਂ ਰਹਾਂਗੇ, ਅਸੀਂ ਸੰਸਦ ਵਿਚ ਜਾਵਾਂਗੇ। ਅਗਲਾ ਅੰਦੋਲਨ ਸੰਸਦ ਵਿਚ ਹੋਵੇਗਾ, ਸਾਨੂੰ ਰੋਕਣ ਲਈ ਚਾਹੇ ਗੋਲੀ ਚਲਾਈ ਜਾਵੇ ਜਾਂ ਲਾਠੀਚਾਰਜ ਕੀਤਾ ਜਾਵੇ, ਅਸੀਂ ਰੁਕਾਂਗੇ ਨਹੀਂ।