
ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਚੰਡੀਗੜ੍ਹ: ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਚਲਦਿਆਂ ਸੰਯੁਕਤ ਸਮਾਜ ਪਾਰਟੀ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਦੱਸਿਆ ਕਿ ਚੋਣਾਂ ਵਿਚ ਗੁਰਨਾਮ ਸਿੰਘ ਚੜੂਨੀ ਨਾਲ ਸਮਝੌਤੇ ਨੂੰ ਲੈ ਕੇ ਪਾਰਟੀ ਨੇ ਕਮੇਟੀ ਬਣਾਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦਾ ਹੈੱਡਕੁਆਟਰ ਲੁਧਿਆਣਾ 'ਚ ਹੋਵੇਗਾ। ਇਸ ਤੋਂ ਇਲਾਵਾ ਪਾਰਟੀ ਵਲੋਂ ਚੋਣ ਮੈਨੀਫੈਸਟੋ ਲਈ ਵੀ ਕਮੇਟੀ ਬਣਾਈ ਗਈ ਹੈ। ਆਮ ਆਦਮੀ ਪਾਰਟੀ ਨਾਲ ਸਮਝੌਤੇ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਮੋਰਚੇ ਵਲੋਂ ਇਕ-ਦੋ ਦਿਨਾਂ 'ਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਸੰਯੁਕਤ ਸੰਘਰਸ਼ ਪਾਰਟੀ ਵਲੋਂ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਲਈ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ ਪਰ ਉਹਨਾਂ ਵਲੋਂ ਇਹ ਕਾਨਫਰੰਸ ਰੱਦ ਕਰ ਦਿੱਤੀ ਗਈ। ਦਰਅਸਲ ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਸੰਕੇਤ ਮਿਲ ਰਹੇ ਹਨ ਕਿ ਕਿਸਾਨਾਂ ਦੀਆਂ ਇਹ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਸਕਦੀਆਂ ਹਨ।
ਗੁਰਮਾਨ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਕਿਸਾਨਾਂ ਨੂੰ ਚੋਣ ਮੈਦਾਨ ਵਿਚ ਉਤਰਨਾ ਚਾਹੀਦਾ ਹੈ ਪਰ ਉਸ ਵੇਲੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਕਿਹਾ ਕਿ ਅਜੇ ਸਿਰਫ ਸੰਯੁਕਤ ਸਮਾਜ ਮੋਰਚਾ ਨਾਲ ਗੱਲਬਾਤ ਸ਼ੁਰੂ ਹੋਈ ਹੈ।