
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕਾਉਂਕੇ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ’ਚ ਹਰ ਤਰ੍ਹਾਂ ਦੀ ਮਦਦ ਕਰੇਗੀ : ਜਨਰਲ ਸਕੱਤਰ ਅਤੇ ਮੈਂਬਰ
ਜਗਰਾਉਂ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਗਵਾ ਕਰਨ, ਤਸੀਹੇ ਦੇਣ ਤੇ ਫਿਰ ਕਤਲ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਦੀ ਅਗਵਾਈ ’ਚ ਜੱਥੇਦਾਰ ਕਾਉਂਕੇ ਦੀ ਧਰਮਪਤਨੀ ਮਾਤਾ ਗੁਰਮੇਲ ਕੌਰ ਤੇ ਸਪੁੱਤਰ ਹਰੀ ਸਿੰਘ ਕਾਉਂਕੇ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਇਕ ਦਰਖਾਸਤ ਥਾਣਾ ਸਦਰ ਦੇ ਐਸਐਚਓ ਨੂੰ ਸ਼ਿਕਾਇਤ ਦਿੱਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਅਮਰਜੀਤ ਸਿੰਘ ਚਾਲਵਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੈਂਬਰ ਜਗਜੀਤ ਸਿੰਘ ਤਲਵੰਡੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਵੀ ਹਾਜ਼ਰ ਸਨ। ਮਾਤਾ ਗੁਰਮੇਲ ਕੌਰ ਵੱਲੋਂ ਦਿੱਤੀ ਗਈ ਇਸ ਦਰਖਾਸਤ ’ਚ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਘਰੋਂ ਚੁੱਕ ਕੇ ਪੁਲਿਸ ਤਸ਼ੱਦਦ ਕਰਨ ਅਤੇ ਕਤਲ ਕਰਕੇ ਉਨ੍ਹਾਂ ਦੀ ਲਾਸ਼ ਦੇ ਟੋਟੋ ਟੋਟੇ ਕਰਕੇ ਦਰਿਆ ’ਚ ਸੁੱਟਣ ਦੇ ਗੰਭੀਰ ਦੋਸ਼ ਲਗਾਉਂਦਿਆਂ ਇਸ ਦੇ ਲਈ ਜ਼ਿੰਮੇਵਾਰ ਦੋ ਸਾਬਕਾ ਡੀਜੀਪੀ, ਮੌਜੂਦਾ ਆਈਜੀ, ਕਈ ਐਸਐਸਪੀ ਸਮੇਤ 16 ਪੁਲਿਸ ਵਾਲਿਆਂ ਨੇ ਨਾਮ ਦਿੱਤੇ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੇੇ ਵਫ਼ਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਚ ਤਨਦੇਹੀ ਨਾਲ ਕਾਰਵਾਈ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜੇਗੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ ਤੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬੁੱਚੜ ਬੇਅੰਤ ਸਿੰਘ ਦੀ ਸਰਕਾਰ ਸਮੇਂ ਸੂਬੇ ਅੰਦਰ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਉਹ ਦੌਰ ਬੇਹੱਦ ਮਾੜਾ ਸੀ। ਪੁਲਿਸ ਸਰਕਾਰ ਦੇ ਇਸ਼ਾਰੇ ’ਤੇ ਸਿੱਖ ਨੌਜਵਾਨਾਂ ਨੂੰ ਘਰੋਂ ਘਰੀ ਚੁੱਕ ਕੇ ਕਤਲ ਕਰ ਦਿੰਦੀ ਸੀ, ਉਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਘਰੋਂ ਚੁੱਕਿਆ, ਫਿਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕਾਉਂਕੇ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ’ਚ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਮੌਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ, ਸਰਪ੍ਰੀਤ ਸਿੰਘ ਕਾਉਂਕੇ ਤੇ ਜੱਟ ਗਰੇਵਾਲ ਆਦਿ ਹਾਜ਼ਰ ਸਨ।