
ਹਰ ਸਾਲ 40 ਮੁਕਤਿਆਂ ਦੀ ਸ਼ਹਾਦਤ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ ’ਚ ਮਨਾਇਆ ਜਾਂਦਾ ਹੈ
ਮਾਘੀ ਦਾ ਤਿਉਹਾਰ ਸਿੱਖ ਧਰਮ ’ਚ ਖ਼ਾਸ ਮਹੱਤਵ ਰੱਖਦਾ ਹੈ। ਹਰ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ ’ਚ ਮਨਾਇਆ ਜਾਂਦਾ ਹੈ। ਹਿੰਦੀ ’ਚ ਇਸ ਤਿਉਹਾਰ ਨੂੰ ‘ਮਕਰ ਸਕ੍ਰਾਂਤੀ’ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ’ਚ ਠੰਢ ’ਚ ਪੱਕ ਰਹੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਵੀ ਮਨਾਇਆ ਜਾਂਦਾ ਹੈ।
Photo
ਮਾਘੀ, ਪੰਜਾਬੀ ਕੈਲੰਡਰ ਮੁਤਾਬਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਮਨਾਇਆ ਜਾਂਦਾ ਹੈ। ਮਾਘੀ ਮਕਰ ਸੰਕ੍ਰਾਤੀ ਤਿਉਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਢ ਦੀ ਸੰਗਰਾਂਦ ਦਾ ਤਿਉਹਾਰ ਹੈ। ਦੱਸ ਦੇਈਏ ਕਿ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ’ਤੇ ਮੁਗਲ ਹਕੂਮਤ ਵਿਰੁਧ ਆਪਣੀ ਆਖ਼ਰੀ ਜੰਗ ਲੜੀ ਸੀ, ਜਿਸ ਨੂੰ ‘ਖਿਦਰਾਣੇ ਦੀ ਜੰਗ’ ਕਿਹਾ ਜਾਂਦਾ ਹੈ।
ਸੰਨ 1705 ਈ. ’ਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੁਸ਼ਮਣਾਂ ਦੀ ਫ਼ੌਜ ਨਾਲ ਜੰਗ ਕਰਦੇ ਹੋਏ ਵੱਖ-ਵੱਖ ਥਾਵਾਂ ’ਤੇ ਮਾਲਵਾ ਦੀ ਧਰਤੀ ਵੱਲ ਰੁਖ਼ ਕੀਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਫ਼ਲੇ ਸਮੇਤ ਸਰਸਾ ਨਦੀ ਪਾਰ ਕੀਤੀ ਸੀ।
ਉਸ ਵੇਲੇ ਕਾਫ਼ੀ ਸਾਹਿਤ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ ਸੀ ਪਰ ਗੁਰੂ ਜੀ ਨੇ ਬੇਦਾਵੇ ਨੂੰ ਅਪਣੇ ਤੋਂ ਵੱਖ ਨਹੀਂ ਹੋਣ ਦਿਤਾ ਕਿਉਂਕਿ ਗੁਰੂ ਜੀ ਜਾਣਦੇ ਸਨ ਕਿ ਉਹ ਭੁੱਲੇ-ਭਟਕੇ ਸਿੰਘ ਇਕ ਦਿਨ ਜ਼ਰੂਰ ਵਾਪਸ ਆਉਣਗੇ ਤੇ ਹੋਇਆ ਵੀ ਇਸੇ ਤਰ੍ਹਾਂ, ਉਹ ਚਾਲੀ ਦੇ ਚਾਲੀ ਸਿੰਘ ਇਸੇ ਖਿਦਰਾਣੇ ਦੀ ਜੰਗ ’ਚ ਆ ਕੇ ਸ਼ਹੀਦ ਹੋਏ। ਜ਼ਿਕਰ ਏ ਖ਼ਾਸ ਹੈ ਕਿ ਜੋ ਮਹਾਨ 40 ਸਿੱਖ ਯੋਧੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ, ਇਸ ਪਵਿੱਤਰ ਧਰਤੀ ’ਤੇ ਉਨ੍ਹਾਂ ਨੇ ਵੀ ਗੁਰੂ ਸਾਹਿਬ ਨਾਲ ਮਿਲ ਕੇ ਮੋਰਚੇ ਕਾਇਮ ਕਰ ਲਏ।
ਇਸ ਅਸਥਾਨ ’ਤੇ ਹੀ ਸਿੱਖਾਂ ਨੇ ਆਸਰਾ ਲਿਆ ਅਤੇ ਮੁਗਲ ਫ਼ੌਜ ’ਤੇ ਹਮਲਾ ਕੀਤਾ। ਮੁਗਲ ਫ਼ੌਜ ਦੇ ਕਈ ਸਿਪਾਹੀ ਮਾਰੇ ਗਏ ਅਤੇ ਕਈ ਭੱਜ ਗਏ। ਯੁੱਧ ਦੌਰਾਨ ਕਈ ਸਿੰਘ ਵੀ ਸ਼ਹੀਦ ਹੋ ਗਏ ਸਨ। ਇਸ ਪਵਿੱਤਰ ਧਰਤੀ ’ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਕੇ ਆਏ ਸਨ, ਦੇ ਸਾਹਮਣੇ ਬੇਦਾਵਾ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ ’ਤੇ ਸ਼ਹੀਦੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਇਸ ਧਰਤੀ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ।
ਇਸ ਧਰਤੀ ਨਾਲ ਦੋ ਘਟਨਾਵਾਂ ਹੋਰ ਵੀ ਜੁੜੀਆਂ ਹੋਈਆਂ ਹਨ। ਖਿਦਰਾਣੇ ਦੀ ਲੜਾਈ ਵਿਚ ਹੀ ਮਾਈ ਭਾਗੋ ਨੇ ਅਪਣੀਆਂ ਸਾਥਣਾਂ ਸਿੰਘਣੀਆਂ ਨਾਲ ਅਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਇਹ ਮਾਈ ਉਹ ਸੀ ਜਿਸ ਨੇ ਬੇਦਾਵਾ ਲਿਖ ਕੇ ਘਰਾਂ ਨੂੰ ਆਏ ਸਿੰਘਾਂ ਦੀ ਜ਼ਮੀਰ ਜਗਾਈ ਸੀ ਤੇ ਆਪ ਹਥਿਆਰ ਚੁਕ ਕੇ ਗੁਰੂ ਜੀ ਲਈ ਲੜਾਈ ਲੜਨ ਲਈ ਮੈਦਾਨੇ ਜੰਗ ਵਿਚ ਕੁੱਦ ਪਈ ਸੀ। ਮਾਈ ਭਾਗੋ ਨੇ ਇਸੇ ਯੁੱਧ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ।
ਇਸ ਤੋਂ ਇਲਾਵਾ ਇਸ ਯੁੱਘ ਦੀ ਇਕ ਹੋਰ ਘਟਨਾ ਵੀ ਇਤਿਹਾਸ ’ਚ ਦਰਜ ਹੈ। ਕੁੱਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਕਾਇਤ ਕੀਤੀ ਕਿ ਭਾਈ ਘਨਈਆ ਜੀ ਦੁਸ਼ਮਣ ਦੇ ਜ਼ਖ਼ਮੀ ਸਿਪਾਹੀਆਂ ਨੂੰ ਪਾਣੀ ਪਿਲਾ ਰਹੇ ਹਨ। ਜਦੋਂ ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਬੁਲਾ ਕੇ ਕਾਰਨ ਪੁਛਿਆ ਤਾਂ ਉਨ੍ਹਾਂ ਗੁਰੂ ਜੀ ਨੂੰ ਕਿਹਾ ਕਿ ਉਨ੍ਹਾਂ ਨੂੰ ਤਾਂ ਹਰੇਕ ’ਚੋਂ ਉਨ੍ਹਾਂ (ਗੁਰੂ ਗੋਬਿੰਦ ਸਿੰਘ ਜੀ) ਦਾ ਰੂਪ ਹੀ ਦਿਖਾਈ ਦਿੰਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਮਲ੍ਹਮ ਤੇ ਪੱਟੀ ਦੇ ਕੇ ਕਿਹਾ ਕਿ ਉਹ ਮਲ੍ਹਮ-ਪੱਟੀ ਵੀ ਕਰ ਦਿਆ ਕਰਨ। ਦੁਨੀਆਂ ਦੀ ਪਹਿਲੀ ਰੈੱਡ ਕਰਾਸ ਦਾ ਜਨਮ ਇਸੇ ਪਵਿੱਤਰ ਜਗ੍ਹਾ ਤੋਂ ਹੋਇਆ।
ਸਰਦੀ ਦੇ ਮੌਸਮ ਦਾ ਦੂਸਰਾ ਅੱਧ ਵੀ ਮੰਨਿਆ ਜਾਂਦਾ ਹੈ, ਜਿਸ ’ਚ ਨਿਮਰ ਮੌਸਮ ਹੁੰਦਾ ਹੈ। ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਮਾਘੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ ’ਚ ਮਨਾਇਆ ਜਾਂਦਾ ਹੈ, ਉਸ ਅਨੁਸਾਰ ਬਸੰਤ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਘ ’ਚ ਮਨਾਇਆ ਜਾਂਦਾ ਹੈ। ਮਾਘੀ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਮੇਲਾ ਲੱਗਦਾ ਹੈ। ਇਹ ਸਾਲਾਨਾ ਮੇਲਾ ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਵਿਖੇ ਲੱਗਦਾ ਹੈ। ਬੀਤੇ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਖਿਦਰਾਣਾ ਸੀ। ਇਥੇ ਇਕ ਪਵਿਤਰ ਸਰੋਵਰ ਬਣਿਆ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਨੇ ਇਹ ਬਖ਼ਸ਼ਿਸ਼ ਕੀਤੀ ਸੀ ਕਿ ਜਿਹੜਾ ਇਸ ਸਰੋਵਰ ’ਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ। ਮਾਘੀ ਵਾਲੇ ਦਿਨ ਲੋਕੀ ਸ਼ਰਧਾ ਨਾਲ ਇਸ ਸਰੋਵਰ ’ਚ ਇਸ਼ਨਾਨ ਕਰਦੇ ਹਨ। ਇਸ਼ਨਾਨ ਪਿਛੋਂ ਸੰਗਤ ਨਗਰ ਕੀਰਤਨ ਦੇ ਰੂਪ ’ਚ ਮੁਕਤਸਰ ਦੇ ਹੋਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲਦੀ ਹੈ। ਦਸਿਆ ਜਾਂਦਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਰਾਗ ਬਸੰਤ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਹੋਲੇ ਮਹੱਲੇ ਤੱਕ ਚੱਲੇਗੀ।