
ਭਗਵੰਤ ਮਾਨ ਜਲਿਆਂਵਾਲਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦਿੱਤੇ ਬਲੀਦਾਨ ਲਈ ਸਲਾਮ ਕਰਦਿਆਂ ਸ਼ਰਧਾਂਜਲੀ ਦਿੱਤੀ।
ਚੰਡੀਗੜ੍ਹ: ਆਪ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਜਲਿਆਂਵਾਲਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦਿੱਤੇ ਬਲੀਦਾਨ ਲਈ ਸਲਾਮ ਕਰਦਿਆਂ ਸ਼ਰਧਾਂਜਲੀ ਦਿੱਤੀ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਮਜੀਠੀਆ ਪਰਿਵਾਰ (ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ) ਨੂੰ ਸੰਬੋਧਨ ਹੁੰਦਿਆਂ ਮੰਗ ਕੀਤੀ ਕਿ ਸੈਂਕੜੇ ਦੇਸ਼ ਭਗਤਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰਨ ਵਾਲੇ ਕਾਤਲ ਜਨਰਲ ਡਾਇਰ ਨੂੰ ਉਸੇ ਰਾਤ ਨੂੰ ਡਿਨਰ (ਰਾਤਰੀ ਭੋਜ) ਪਰੋਸਣ ਵਾਲਾ ਮਜੀਠੀਆ ਪਰਿਵਾਰ ਪੂਰੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ।
Harsimrat Kaur badal Bikram Singh Majithia
ਭਗਵੰਤ ਮਾਨ ਨੇ ਕਿਹਾ ਕਿ ਮਜੀਠੀਆ ਦੇ ਪੁਰਖੇ ਸੁੰਦਰ ਸਿੰਘ ਮਜੀਠੀਆ ਨੇ ਅੰਗਰੇਜ਼ਾਂ ਦੀ ਖੁਸ਼ਆਮਦੀਦ ਕਰਦਿਆਂ 13 ਮਈ 1919 ਦੀ ਕਤਲੋਗਾਰਤ ਲਈ ਰਾਤ ਨੂੰ ਕਾਤਲ ਫ਼ਿਰੰਗੀ ਡਾਇਰ ਨੂੰ ਖਾਣੇ 'ਤੇ ਬੁਲਾ ਕੇ ਉਸ ਦੀ ਆਓ ਭਗਤ ਕੀਤੀ, ਜਦਕਿ ਉਸ ਦਿਨ ਪੂਰਾ ਦੇਸ਼ ਸੋਗ 'ਚ ਡੁੱਬਿਆ ਹੋਇਆ ਸੀ ਅਤੇ ਅੰਗਰੇਜ਼ਾਂ ਖ਼ਾਸ ਕਰ ਕੇ ਜਨਰਲ ਡਾਇਰ ਪ੍ਰਤੀ ਗ਼ੁੱਸੇ ਨਾਲ ਅੱਗ ਬਬੂਲਾ ਸੀ।
Jallianwala Bagh massacre
ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਡਿਨਰ ਹੀ ਨਹੀਂ ਸੁੰਦਰ ਸਿੰਘ ਮਜੀਠੀਆ ਨੇ ਆਪਣੇ ਪ੍ਰਭਾਵ ਨਾਲ ਕਾਤਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾ ਦੇ ਕੇ ਸਨਮਾਨਿਤ ਕਰਵਾਇਆ। ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਵਿਦੇਸ਼ 'ਚ ਜ਼ੋਰਦਾਰ ਮੰਗ ਉੱਠ ਰਹੀ ਹੈ ਕਿ ਇਸ ਅਣਮਨੁੱਖੀ ਕਾਰੇ ਲਈ ਇੰਗਲੈਂਡ ਦੀ ਮਹਾਰਾਣੀ ਅਤੇ ਸਮੁੱਚੀ ਸੰਸਦ ਮੁਆਫ਼ੀ ਮੰਗ ਕੇ ਆਪਣੇ ਪੁਰਖਿਆਂ ਦੇ ਪਾਪ ਦਾ ਪਸ਼ਚਾਤਾਪ ਕਰੇ। ਦੇਖੋ-ਦੇਖ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹੋ ਮੰਗ ਕਰ ਰਹੀ ਹੈ।
Jallianwala Bagh massacre
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਮਜੀਠੀਆ ਪਰਿਵਾਰ ਨੂੰ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਥੋੜ੍ਹੀ ਬਹੁਤ ਵੀ ਹਮਦਰਦੀ ਹੈ ਤਾਂ ਮਜੀਠੀਆ ਪਰਿਵਾਰ ਆਪਣੇ ਅੰਗਰੇਜ਼ਾਂ ਦੇ ਪਿੱਠੂ ਪੁਰਖਿਆਂ ਵੱਲੋਂ ਕੀਤੇ ਗੁਨਾਹ ਲਈ ਪੂਰੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ। ਮਾਨ ਨੇ ਕਿਹਾ ਕਿ ਜਿੰਨਾ ਚਿਰ ਮਜੀਠੀਆ ਪਰਿਵਾਰ ਮੁਆਫ਼ੀ ਨਹੀਂ ਮੰਗਦਾ ਉਨ੍ਹਾਂ ਚਿਰ ਅਕਾਲ ਦਲ ਬਾਦਲ ਦੇ ਕਿਸੇ ਵੀ ਲੀਡਰ ਨੂੰ ਜਲਿਆਂਵਾਲਾ ਬਾਗ਼ ਗੋਲੀਕਾਂਡ ਲਈ ਇੰਗਲੈਂਡ ਸਰਕਾਰ ਕੋਲੋਂ ਮੁਆਫ਼ੀ ਮੰਗਾਉਣ ਦੀ ਮੰਗ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ।