
ਕਾਂਗਰਸ ਵੱਲੋਂ ਅਨੰਦਪੁਰ ਸਾਹਿਬ ਸੀਟ ਲਈ ਐਲਾਨੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਪੈਰਾਸ਼ੂਟ ਉਮੀਦਵਾਰ ਦੱਸਦੇ ਹੋਏ ਹਲਕੇ ਦੇ ਕਈ ਇਲਾਕਿਆਂ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ
ਮੁਹਾਲੀ: ਲੋਕ ਸਭਾ ਚੋਣਾਂ 2019 ਲਈ ਕਾਂਗਰਸ ਵੱਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਸੀਟ ਲਈ ਐਲਾਨੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਪੈਰਾਸ਼ੂਟ ਉਮੀਦਵਾਰ ਦੱਸਦੇ ਹੋਏ ਹਲਕੇ ਦੇ ਕਈ ਇਲਾਕਿਆਂ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਮਨੀਸ਼ ਤਿਵਾੜੀ ਦਾ ਮੁੱਖ ਮੁਕਾਬਲਾ ਅਕਾਲੀ ਉਮੀਦਵਾਰ ਅਤੇ ਮੌਜੂਦਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨਾਲ ਦੱਸਿਆ ਜਾ ਰਿਹਾ ਹੈ। ਜਦਕਿ ਪਿਛਲੀਆਂ ਲੋਕ ਸਭਾ ਚੋਣ ਵਿਚ ਸੀਨੀਅਰ ਕਾਂਗਰਸ ਆਗੂ ਸ੍ਰੀਮਤੀ ਅੰਬਿਕਾ ਸੋਨੀ ਚੋਣ ਹਾਰ ਗਏ ਸਨ।
ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰਨ ਤੋਂ ਪਹਿਲਾਂ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਵੀ ਇਸ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ, ਜਿਨਾਂ ਨੇ ਹੁਣ ਮਨੀਸ਼ ਤਿਵਾੜੀ ਨੂੰ ਕਾਂਗਰਸ ਦੀ ਟਿਕਟ ਦੇਣ ਦੀ ਸਖ਼ਤ ਨਿਖੇਧੀ ਕੀਤੀ। ਸਹਿਜਧਾਰੀ ਸਿੱਖਾਂ ਕਹਿਣਾ ਹੈ ਕਿ ਜਿਵੇਂ ਕਰਨਾਟਕਾ ਵਿਚ ਲੰਗਾਇਤ ਨਾਮ ਦੀ ਇੱਕ ਜਾਤੀ ਨੂੰ ਬ੍ਰਾਹਮਣ ਹਿੰਦੂ ਨਹੀਂ ਮੰਨਦੇ ਅਤੇ ਉਹ ਲੋਕ ਕਾਂਗਰਸ ਦੇ ਹਮਾਇਤੀ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਵੱਖਰੀ ਘੱਟ ਗਿਣਤੀ ਦਾ ਦਰਜਾ ਵੀ ਪ੍ਰਦਾਨ ਕੀਤਾ ਹੈ।
ਉਸੇ ਤਰ੍ਹਾਂ ਪੰਜਾਬ ਵਿਚ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ (ਬਾਦਲ) ਵੀ ਸਿੱਖ ਨਹੀਂ ਮੰਨਦੇ ਹਨ। ਉਹ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਦੇ ਸਮਰਥਕ ਹਨ। ਇੱਥੇ ਡਾ.ਪਰਮਜੀਤ ਸਿੰਘ ਰਾਣੂ ਨੇ 2008 ਵਿਚ ਯੂਪੀਏ ਦੀ ਸਰਕਾਰ ਬਚਾਉਣ ਵਿਚ ਉਨ੍ਹਾਂ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਅਕਾਲੀ ਦਲ (ਬਾਦਲ) ਦੇ ਚੀਫ਼ ਵਿੱਪ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਹੱਕ ਵਿਚ ਨਿੱਤਰਨ ਲਈ ਪ੍ਰੇਰਿਆ ਸੀ ਅਤੇ ਉਨ੍ਹਾਂ ਨੂੰ ਪਾਰਲੀਮੈਂਟ ’ਚੋਂ ਗੈਰ ਹਾਜ਼ਰ ਕੀਤਾ ਸੀ।
ਸਹਿਜਧਾਰੀ ਸਿੱਖਾ ਦੇ ਵੋਟ ਦੇ ਹੱਕ ਨੂੰ ਗੁਰਦੁਆਰਾ ਚੋਣਾਂ ’ਚੋਂ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਅਕਾਲੀਆਂ ਦੇ ਕਹਿਣ ’ਤੇ ਪਾਰਲੀਮੈਂਟ ’ਚੋਂ ਕਾਨੂੰਨ ਪਾਸ ਕੀਤੇ। ਜਿਸ ਨੂੰ ਹਾਈ ਕੋਰਟ ਵਿਚ ਚੁਨੌਤੀ ਦਿੱਤੀ ਹੋਈ ਹੈ ਅਤੇ ਇਹ ਮਾਮਲਾ ਜਲਦੀ ਹੀ ਮੁੜ ਪਾਰਲੀਮੈਂਟ ਵਿਚ ਜਾਵੇਗਾ। ਜਿਸ ਲਈ ਪਾਰਲੀਮੈਂਟ ਵਿਚ ਇਸ ਮੁੱਦੇ ’ਤੇ ਬਹਿਸ ਕਰਨ ਵਾਲਾ ਯੋਗ ਵਿਅਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਡਾ. ਰਾਣੂ ਨੇ ਦਾਅਵਾ ਕੀਤਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਯੋਗ ਉਮੀਦਵਾਰ ਹਨ। ਮੁਹਾਲੀ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਇੱਥੇ ਉਨ੍ਹਾਂ ਦਾ ਕਾਫੀ ਆਧਾਰ ਹੈ। ਬਹੁਗਿਣਤੀ ਮਰੀਜ਼ ਉਨ੍ਹਾਂ ਦੇ ਮੁਹਾਲੀ, ਰੂਪਨਗਰ, ਚਮਕੌਰ ਸਾਹਿਬ ਵਿਚ ਹਨ ਅਤੇ ਨਵਾਂ ਸ਼ਹਿਰ, ਗੜਸ਼ੰਕਰ, ਬਲਾਚੌਰ ਵਿਚ ਬਹੁਗਿਣਤੀ ਐਨਆਰਆਈ ਵਿਅਕਤੀ ਸਹਿਜਧਾਰੀ ਸਿੱਖ ਹੀ ਹਨ। ਉਹ ਹੋਮਿਓਪੈਥੀ ਕੌਂਸਲ ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਲਗਭਗ 4 ਹਜ਼ਾਰ ਹੋਮਿਓਪੈਥੀ ਅਤੇ ਆਯੁਰਵੇਦ ਦੇ ਡਾਕਟਰ ਵੀ ਇਸ ਹਲਕੇ ਵਿਚ ਉਨ੍ਹਾਂ ਲਈ ਦਮ ਭਰਦੇ ਹਨ। ਜਿਸ ਕਾਰਨ ਉਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਸਕਦੇ ਹਨ।
ਖੈਰ ਹੁਣ ਜਦੋਂ ਕਾਂਗਰਸ ਨੇ ਪਰਮਜੀਤ ਸਿੰਘ ਰਾਣੂ ਦੀ ਮੰਗ ਨੂੰ ਨਕਾਰਦਿਆਂ ਹੋਇਆਂ, ਮਨੀਸ਼ ਤਿਵਾੜੀ ਨੂੰ ਟਿਕਟ ਦੇ ਦਿੱਤੀ ਹੈ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਮਨੀਸ਼ ਤਿਵਾੜੀ ਹੋਰ ਉਮੀਦਵਾਰਾਂ ਨੂੰ ਟੱਕਰ ਦੇ ਸਕਦੇ ਹਨ ਜਾਂ ਨਹੀਂ।