
ਮੇਰੀ ਰੀਪੋਰਟ ਵਿਚ 100 ਫ਼ੀ ਸਦੀ ਸੱਚ ਲਿਖਿਆ ਹੈ ਕਿ ਬੇਅਦਬੀ ਮਾਮਲੇ ਦਾ ਅਸਲ ਦੋਸ਼ੀ ਕੌਣ ਹੈ?
ਅੰਮ੍ਰਿਤਸਰ : ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਹੈ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਨੇ ਕਿਹਾ,''ਮੈਂ ਲੋਕਾਂ ਨੂੰ ਸੱਚ ਦਸਾਂਗਾ ਕਿ ਬੇਅਦਬੀ ਮਾਮਲੇ ਦਾ ਦੋਸ਼ੀ ਕੌਣ ਹਨ ਤੇ ਉਨ੍ਹਾਂ ਦੋਸ਼ੀਆਂ ਨੂੰ ਹੁਣ ਤਕ ਸਜ਼ਾਵਾਂ ਕਿਉਂ ਨਹੀਂ ਮਿਲੀਆਂ।''
Justice Zora Singh
ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਮੈਨੂੰ ਜਾਂਚ ਕਰਨ ਲਈ ਨਿਯੁਕਤ ਕੀਤਾ ਸੀ ਤੇ ਮੇਰੀ ਰੀਪੋਰਟ ਤੋਂ ਬਾਅਦ ਵੀ 6 ਮਹੀਨੇ ਤਕ ਅਕਾਲੀ ਦਲ ਦੀ ਸਰਕਾਰ ਰਹੀ ਪਰ ਫਿਰ ਵੀ ਨਾ ਤਾਂ ਰੀਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਤੇ ਨਾ ਹੀ ਇਸ ਰੀਪੋਰਟ 'ਤੇ ਕਾਰਵਾਈ ਕਰਨੀ ਜ਼ਰੂਰੀ ਹੀ ਸਮਝੀ। ਉਨ੍ਹਾਂ ਕਿਹਾ ਕਿ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਨੇ ਰੀਪੋਰਟ 'ਤੇ ਵਿਚਾਰ ਹੀ ਨਹੀਂ ਕੀਤਾ ਜਿਸ ਕਾਰਨ ਲੋਕਾਂ ਸਾਹਮਣੇ ਸੱਚ ਨਾ ਆ ਸਕਿਆ।
Bargari Kand
ਮੇਰੀ ਰੀਪੋਰਟ ਵਿਚ 100 ਫ਼ੀ ਸਦੀ ਸੱਚ ਲਿਖਿਆ ਹੈ ਕਿ ਬੇਅਦਬੀ ਮਾਮਲੇ ਦਾ ਅਸਲ ਦੋਸ਼ੀ ਕੌਣ ਹੈ? ਉਨ੍ਹਾਂ ਕਿਹਾ ਕਿ ਮੇਰੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਕੋਈ ਫ਼ਰਕ ਨਹੀਂ ਹੈ। ਹੁਣ ਵੀ ਕਾਂਗਰਸ ਦੀ ਸਰਕਾਰ ਪਿਛਲੇ ਕਰੀਬ ਢਾਈ ਸਾਲ ਤੋਂ ਸੱਤਾ ਵਿਚ ਹੈ। ਅੱਜ ਤਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਉਲਟਾ ਇਸ ਮਾਮਲੇ 'ਤੇ ਬਣੀ ਸਿਟ ਦੇ ਇਕ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਤੋਂ ਬਹਾਰ ਬਦਲ ਦਿਤਾ, ਜਦਕਿ ਉਹ ਇਕ ਈਮਾਨਦਾਰ ਤੇ ਕਾਨੂੰਨ ਮੁਤਾਬਕ ਕੰਮ ਕਰਨ ਵਾਲਾ ਅਧਿਕਾਰੀ ਹੈ।
Bargari Kand
ਚਾਹੀਦਾ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰੇ। ਆਮ ਆਦਮੀ ਪਾਰਟੀ ਦੀ ਟਿਕਟ ਤੇ ਜਲੰਧਰ ਤੋਂ ਲੋਕ ਸਭਾ ਚੋਣ ਲੜ ਰਹੇ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਉਹ ਜਿੱਤਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤੇ ਉਹ ਇਨਸਾਫ਼ ਲਈ ਲੜ ਰਹੇ ਹਨ।