
ਕਿਹਾ, ਢਿੱਲ ਕਰਨ ਨਾਲ ਹੋ ਸਕਦੀ ਹੈ 85 ਫ਼ੀ ਸਦੀ ਵਸੋਂ ਵਾਇਰਸ ਤੋਂ ਪ੍ਰਭਾਵਤ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਾਸੀਆਂ ਦੇ ਨਾਂ ਵਿਸਾਖੀ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਜੇ ਲਗਾਤਾਰ 6 ਹਫ਼ਤੇ ਲਾਕਡਾਊਨ ਨੂੰ ਲਗਾਤਾਰ ਸਹੀ ਤਰੀਕੇ ਨਾਲ ਲਾਗੂ ਰੱਖ ਸਕੀਏ ਤਾਂ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਅੰਤਰਰਾਸ਼ਟਰੀ ਮਾਹਰਾਂ ਤੇ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਕਿ ਅਗਰ ਇਸ ਸਮੇਂ ਢਿੱਲ ਵਰਤੀ ਤਾਂ ਕੋਰੋਨਾ ਵਾਇਰਸ ਫੈਲਣ ਨਾਲ 85 ਫ਼ੀ ਸਦੀ ਲੋਕ ਇਸ ਨਾਲ ਪ੍ਰਭਾਵਤ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਮਜਬੂਰੀ 'ਚ ਹੀ ਕੋਰੋਨਾ ਨੂੰ ਰੋਕਣ ਲਈ ਕਰਫ਼ੀਊ ਅਤੇ ਲਾਕਡਾਊਨ ਵਰਗੇ ਸਖ਼ਤ ਕਦਮ ਚੁਕਣੇ ਪਏ ਹਨ। ਉਨ੍ਹਾਂ ਕਿਹਾ, ''ਇਸ ਨਾਲ ਲੋਕ ਔਖੇ ਜ਼ਰੂਰ ਹਨ ਤੇ ਮੈਂ ਖ਼ੁਦ ਵੀ ਘਰ 'ਚ ਬੈਠਾ ਔਖ ਮਹਿਸੂਸ ਕਰ ਰਿਹਾ ਹਾਂ। ਸੱਭ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਪਰ ਇਸ 'ਚ ਨੁਕਸਾਨ ਕਿਸ ਦਾ ਹੈ? ਸਾਡਾ ਅਤੇ ਸਾਡੇ ਬੱਚਿਆਂ ਦਾ ਹੀ ਨੁਕਸਾਨ ਹੋਣਾ ਹੈ, ਜਿਸ ਕਰ ਕੇ ਇਸ ਸਮੇਂ ਘਰਾਂ 'ਚ ਰਹਿਣਾ ਹੀ ਜ਼ਰੂਰੀ ਹੈ।'' ਉਨ੍ਹਾਂ ਰਾਜ ਦੇ ਲੋਕਾਂ ਨੂੰ ਘਰਾਂ 'ਚ 13 ਅਪ੍ਰੈਲ ਨੂੰ ਵਿਸਾਖੀ ਮਨਾਉਣ ਅਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਕੋਰੋਨਾ ਦੇ ਖ਼ਾਤਮੇ ਲਈ 11 ਵਜੇ ਘਰਾਂ ਅੰਦਰ ਹੀ ਵਾਹਿਗੁਰੂ ਅੱਗੇ ਅਰਦਾਸ ਕਰਨ।
File photo
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਜ 'ਚ ਕੋਰੋਨਾ ਦੇ ਮੁਕਾਬਲੇ ਲਈ ਸਾਰੇ ਕਦਮ ਚੁੱਕੇ ਹਨ ਅਤੇ 22 ਹਜ਼ਾਰ ਲੋਕ ਏਕਾਂਤਵਾਸ ਪੂਰਾ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ 'ਚ ਹੌਲੀ ਹੌਲੀ ਲਾਕਡਾਊਨ 'ਚੋਂ ਨਿਕਲ ਕੇ ਲੋਕਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ 10 ਦਿਨਾਂ 'ਚ ਰੀਪੋਰਟ ਦੇਵੇਗੀ।
ਇਸ ਤੋਂ ਬਾਅਦ ਉਘੇ ਆਰਥਕ ਮਾਹਰ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਰਾਜ ਦੀ ਆਰਥਿਕਤਾ ਤੇ ਉਦਯੋਗਾਂ ਦੀ ਬਹਾਲੀ ਲਈ ਸੁਝਾਅ ਦੇਣ ਲਈ ਕਮੇਟੀ ਬਣੇਗੀ। ਉਨ੍ਹਾਂ ਕਣਕ ਦੀ ਫ਼ਸਲ ਬਾਰੇ ਵੀ ਕਿਹਾ ਕਿ ਪੂਰੇ ਪ੍ਰਬੰਧ ਕਰ ਲਏ ਹਨ ਅਤੇ 24 ਘੰਟੇ ਅੰਦਰ ਪੇਮੈਂਟ ਯਕੀਨੀ ਹੋਵੇਗੀ। ਮੁੱਖ ਮੰਤਰੀ ਨੇ ਲਾਕਡਾਊਨ ਅਤੇ ਕਰਫ਼ੀਊ ਦੇ ਪ੍ਰਬੰਧਾਂ ਲਈ ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਤਾਰੀਫ਼ ਕੀਤੀ। ਉਥੇ ਕੋਰੋਨਾ ਨਾਲ ਨਿਪਟ ਰਹੇ ਡਾਕਟਰੀ ਸਟਾਫ਼ ਅਤੇ ਹੋਰ ਵਿਭਾਗਾਂ ਦੇ ਸਟਾਫ਼ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚੋਂ ਨਿਕਲਣ ਲਈ ਸੱਭ ਦਾ ਸਹਿਯੋਗ ਜ਼ਰੂਰੀ ਹੈ।